ਵਿਧਾਇਕ ਸ਼ੈਰੀ ਕਲਸੀ ਦੇ ਯਤਨਾ ਸਦਕਾ ਬਟਾਲਾ ਸ਼ਹਿਰ ਵਿਖੇ ਉਸਾਰਿਆ ਜਾ ਰਿਹਾ ਹੈ ਸ਼ਾਨਦਾਰ ਵਿਰਾਸਤੀ ਦਰਵਾਜ਼ਾ
ਬਟਾਲਾ ਸ਼ਹਿਰ ਦੀ ਇਤਿਹਾਸਕ ਤੇ ਵਿਰਾਸਤੀ ਸ਼ਾਨ ਦੀ ਝਲਕ ਦੇਵੇਗਾ ਇਹ ਦਰਵਾਜ਼ਾ - ਸ਼ੈਰੀ ਕਲਸੀ
ਰੋਹਿਤ ਗੁਪਤਾ
ਬਟਾਲਾ/ਗੁਰਦਾਸਪੁਰ 4 ਮਾਰਚ ਕਦੀ 12 ਦਰਵਾਜ਼ਿਆਂ ਦੀ ਹੋਂਦ ਰੱਖਣ ਵਾਲੇ ਇਤਿਹਾਸਕ ਸ਼ਹਿਰ ਬਟਾਲਾ ਵਿੱਚ ਹੁਣ ਇੱਕ ਹੋਰ ਨਵਾਂ ਤੇ ਸ਼ਾਨਦਾਰ ਦਰਵਾਜ਼ਾ (ਗੇਟ) ਬਟਾਲਾ ਸ਼ਹਿਰ ਦੀ ਸ਼ਾਨ ਵਿੱਚ ਵਾਧਾ ਕਰਨ ਜਾ ਰਿਹਾ ਹੈ। ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਾਕਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਯਤਨਾ ਸਦਕਾ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਬਟਾਲਾ ਦੇ ਜਲੰਧਰ ਰੋਡ ਉੱਪਰ ਇਸ ਨਵੇਂ ਦਰਵਾਜ਼ੇ (ਗੇਟ) ਦੀ ਉਸਾਰੀ ਤੇਜ਼ੀ ਨਾਲ ਜਾਰੀ ਹੈ। ਇਹ ਦਰਵਾਜ਼ਾ ਬਟਾਲਾ ਸ਼ਹਿਰ ਦੀ ਹੱਦ ਵਿੱਚ ਦਾਖਲ ਹੋਣ ਵਾਲੇ ਰਾਹਗੀਰਾਂ ਦਾ ਜਿੱਥੇ ਸਵਾਗਤ ਕਰੇਗਾ ਓਥੇ ਇਹ ਬਟਾਲਾ ਸ਼ਹਿਰ ਦੀ ਇਤਿਹਾਸਕ ਤੇ ਵਿਰਾਸਤੀ ਸ਼ਾਨ ਦੀ ਝਲਕ ਵੀ ਦੇਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਬਟਾਲਾ ਸ਼ਹਿਰ ਆਪਣੇ ਬੁਨਿਆਦੀ ਸਮੇਂ ਤੋਂ ਹੀ ਬਹੁਤ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਰਿਹਾ ਹੈ ਅਤੇ ਪੰਜਾਬ ਦੇ ਇਤਿਹਾਸ ਵਿੱਚ ਬਟਾਲਾ ਦਾ ਹਮੇਸ਼ਾਂ ਹੀ ਪ੍ਰਮੁੱਖ ਸਥਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਹੋਣਾ, ਪਾਵਨ ਸ੍ਰੀ ਕਾਲੀ ਦੁਆਰਾ ਮੰਦਰ, ਸ੍ਰੀ ਅਚਲੇਸ਼ਵਰ ਧਾਮ ਤੋਂ ਇਲਾਵਾ ਹੋਰ ਧਰਮਾਂ ਦੇ ਧਾਰਮਿਕ ਅਸਥਾਨ ਇਸ ਸ਼ਹਿਰ ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਵੱਖ-ਵੱਖ ਹਕੂਮਤਾਂ ਦੇ ਦੌਰ ਦੀ ਗਵਾਹੀ ਭਰਨ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ, ਮਿਸਲ ਦੌਰ ਵਿੱਚ ਰਾਮਗੜ੍ਹੀਆ ਮਿਸਲ, ਕਨ੍ਹਈਆ ਮਿਸਲ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਰਾਜ ਦਾ ਗਵਾਹ ਵੀ ਰਿਹਾ ਹੈ।
ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਬਟਾਲਾ ਦੇ ਜਲੰਧਰ ਰੋਡ ਉੱਪਰ ਉਸਾਰਿਆ ਜਾ ਰਿਹਾ ਨਵਾਂ ਸਵਾਗਤੀ ਦਰਵਾਜ਼ਾ (ਗੇਟ) ਬਟਾਲਾ ਸ਼ਹਿਰ ਦੀ ਇਤਿਹਾਸਕ ਵਿਰਾਸਤ ਨੂੰ ਰੂਪਮਾਨ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸਵਾਗਤੀ ਗੇਟ ਨੂੰ ਨਾਨਕਸ਼ਾਹੀ ਇੱਟਾਂ ਨਾਲ ਪੁਰਾਤਨ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਗੇਟ (ਦਰਵਾਜ਼ੇ) ਦੀ ਉਸਾਰੀ ਤੇਜ਼ੀ ਨਾਲ ਜਾਰੀ ਹੈ ਅਤੇ ਇਸ ਸਾਲ ਇਸਨੂੰ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਗੇਟ (ਦਰਵਾਜ਼ਾ) ਸਿਰਫ ਗੇਟ (ਦਰਵਾਜ਼ਾ) ਨਾ ਹੋ ਕੇ ਬਟਾਲਾ ਸ਼ਹਿਰ ਦੀ ਖੂਬਸੂਰਤੀ, ਸ਼ਾਨ ਅਤੇ ਪਛਾਣ ਦਾ ਇੱਕ ਨਵਾਂ ਆਈਕਨ ਉੱਭਰ ਕੇ ਸਾਹਮਣੇ ਆਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਜਦੋਂ ਰਾਮ ਦੇਓ ਭੱਟੀ ਵੱਲੋਂ ਸੰਨ 1465 ਵਿੱਚ ਬਟਾਲਾ ਸ਼ਹਿਰ ਵਸਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਬਟਾਲਾ ਸ਼ਹਿਰ ਦੀ ਸੁਰੱਖਿਆ ਲਈ 12 ਦਰਵਾਜ਼ੇ ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਇਨ੍ਹਾਂ 12 ਦਰਵਾਜ਼ਿਆਂ ਦੇ ਨਾਮ ਖਜ਼ੂਰੀ ਦਰਵਾਜ਼ਾ, ਪੁਰੀਆਂ ਮੋਰੀ ਦਰਵਾਜ਼ਾ, ਪਹਾੜੀ ਦਰਵਾਜ਼ਾ, ਕਪੂਰੀ ਦਰਵਾਜ਼ਾ, ਮੀਆਂ ਦਰਵਾਜ਼ਾ (ਇਸਨੂੰ ਨਸੀਰ-ਉੱਲ-ਹੱਕ ਦਰਵਾਜ਼ਾ ਵੀ ਕਹਿੰਦੇ ਸਨ), ਅੱਚਲੀ ਦਰਵਾਜ਼ਾ, ਹਾਥੀ ਜਾਂ ਫ਼ੀਲੀ ਦਰਵਾਜ਼ਾ (ਹਾਥੀ ਨੂੰ ਫ਼ਾਰਸੀ ਵਿੱਚ ਫ਼ੀਲੀ ਕਹਿੰਦੇ ਹਨ), ਕਾਜ਼ੀ ਮੋਰੀ ਦਰਵਾਜ਼ਾ, ਠਠਿਆਰੀ ਦਰਵਾਜ਼ਾ, ਭੰਡਾਰੀ ਦਰਵਾਜ਼ਾ, ਓਹਰੀ ਦਰਵਾਜ਼ਾ ਅਤੇ ਤੇਲੀ ਦਰਵਾਜ਼ਾ (ਜਿਸਨੂੰ ਹੁਣ ਸ਼ੇਰਾਂ ਵਾਲਾ ਦਰਵਾਜ਼ਾ ਅਤੇ ਨਹਿਰੂ ਦਰਵਾਜ਼ਾ ਵੀ ਕਿਹਾ ਜਾਂਦਾ ਹੈ) ਪ੍ਰਚਲਿਤ ਸਨ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਇਨ੍ਹਾਂ ਦਰਵਾਜਿਆਂ ਵਿਚੋਂ ਬਹੁਤੇ ਖਤਮ ਹੋ ਚੁੱਕੇ ਹਨ ਅਤੇ ਹੁਣ ਸਿਰਫ਼ ਤੇਲੀ ਦਰਵਾਜ਼ਾ (ਹੁਣ ਨਾਮ ਨਹਿਰੂ ਗੇਟ), ਖਜ਼ੂਰੀ ਦਰਵਾਜ਼ਾ, ਕਪੂਰੀ ਦਰਵਾਜ਼ਾ, ਅੱਚਲੀ ਦਰਵਾਜ਼ਾ ਅਤੇ ਭੰਡਾਰੀ ਦਰਵਾਜ਼ਾ ਹੀ ਬਾਕੀ ਬਚੇ ਹਨ। ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਤੱਕ ਪਹੁੰਚ ਕਰਕੇ ਬਟਾਲਾ ਸ਼ਹਿਰ ਦੇ ਪੁਰਾਤਨ ਦਰਵਾਜ਼ਿਆਂ ਦੀ ਸੰਭਾਲ ਲਈ ਵਿਸ਼ੇਸ਼ ਪ੍ਰੋਜੈਕਟ ਲੈ ਕੇ ਆਉਣਗੇ ਤਾਂ ਜੋ ਪੁਰਾਤਨ ਦਰਵਾਜ਼ਿਆਂ ਦੇ ਰੂਪ ਵਿੱਚ ਬਟਾਲਾ ਦੇ ਇਹ ਇਤਿਹਾਸਕ ਪੰਨੇ ਹਮੇਸ਼ਾਂ ਕਾਇਮ ਰਹਿਣ।