ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਭਰਤੀ ਪ੍ਰੀਖਿਆ ਲਈ ਮੁਫਤ ਕੋਚਿੰਗ ਬੈਚ ਦੀ ਸ਼ੁਰੂਆਤ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 26 ਫਰਵਰੀ,2025
ਆਉਣ ਵਾਲੇ ਦੋ ਮਹੀਨੇ ਵਿਚ ਹੋ ਰਹੀ ਪੁਲਸ ਭਰਤੀ ਪ੍ਰੀਖਿਆ ਅਤੇ ਹੋਰ ਸਰਕਾਰੀ ਨੌਕਰੀਆਂ ਵਿੱਚ ਭਰਤੀ ਲਈ ਤਿਆਰੀ ਕਰਵਾਉਣ ਹਿੱਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸਥਾਨਕ ਖਾਲਸਾ ਸਕੂਲ ਵਿਚ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਨੌਜਵਾਨਾਂ ਨੂੰ ਪ੍ਰੀਖਿਆ ਸੰਬੰਧੀ ਫੌਰੀ ਸਿਖਲਾਈ ਉਪਲੱਬਧ ਕਰਵਾਉਣ ਲਈ ਪੰਜਵੇਂ ਨਿਸ਼ੁਲਕ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਜੈਕਟ ਦੀ ਅਰੰਭਤਾ ਪਿਛਲੇ ਸਾਲ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ ਅਤੇ ਪਰਮਿੰਦਰ ਸਿੰਘ ਕੰਵਲ ਦੀ ਨਿਗਰਾਨੀ ਹੇਠ ਅਰੰਭ ਕੀਤੀ ਗਈ ਸੀ ਜਿਸ ਹੁਣ ਤੱਕ ਇਕ ਸੌ ਤੋਂ ਵੀ ਵੱਧ ਬੱਚੇ ਕੋਚਿੰਗ ਪ੍ਰਾਪਤ ਕਰਕੇ ਅਲੱਗ ਅਲੱਗ ਪ੍ਰੀਖਿਆਵਾਂ ਵਿਚ ਆਪਣੀ ਕਿਸਮਤ ਅਜਮਾ ਚੁੱਕੇ ਹਨ।
ਸੁਸਾਇਟੀ ਵਲੋਂ ਅੱਜ ਦੇ ਬੈਚ ਦੀ ਅਰੰਭਤਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਰੁਜ਼ਗਾਰ ਪ੍ਰਾਪਤੀ ਲਈ ਭਾਵੇਂ ਬੱਚਿਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵਧ ਚੁੱਕਾ ਹੈ ਮਗਰ ਬਾਹਰ ਗਏ ਥੱਚਿਆਂ ਦੀ ਹਾਲਤ ਬਹੁਤ ਚਿੰਤਾਜਨਕ ਹੈ। ਕੰਮ ਨਾ ਮਿਲਣ ਕਰਕੇ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਬੁਰੇ ਹਲਾਤਾਂ ਵਿਚੋਂ ਗੁਜਰਨਾ ਪੈ ਰਿਹਾ ਹੈ ਜਿਸ ਬਾਰੇ ਉਹ ਪਹਿਲਾਂ ਤੋਂ ਚਿੰਤਤ ਆਪਣੇ ਪਰਿਵਾਰ ਨਾਲ ਵੀ ਇਹ ਸਭ ਕੁਝ ਸਾਂਝਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅੱਜ ਦੂਸਰੇ ਪ੍ਰਦੇਸ਼ਾਂ ਤੋਂ ਆ ਕੇ ਬੱਚੇ ਪੰਜਾਬ ਵਿਚ ਉੱਚ ਅਹੁਦਿਆਂ ਤੇ ਸੇਵਾਵਾਂ ਨਿਭਾਅ ਰਹੇ ਹਨ ਤਾਂ ਫਿਰ ਪੰਜਾਬੀ ਕਿਉਂ ਨਹੀਂ ਇਹ ਸਭ ਕੁੱਝ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਇਹ ਕੋਚਿੰਗ ਸੈਂਟਰ ਅਰੰਭ ਕਰਨ ਦਾ ਇਕੋ-ਇਕ ਮਕਸਦ ਪੰਜਾਬੀ ਬੱਚਿਆਂ ਦਾ ਮਨੋਬਲ ਉੱਚਾ ਚੁੱਕਣਾ ਹੈ ਤਾਂ ਕਿ ਬੱਚੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਣ। ਉਨ੍ਹਾ ਨੌਜਵਾਨ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਇਸ ਨਿਸ਼ੁਲਕ ਕੋਚਿੰਗ ਕਲਾਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਚਿੰਗ ਕਰਨ ਉਪਰੰਤ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਜਿੰਨੀ ਖੁਸ਼ੀ ਉਨ੍ਹਾਂ ਬੱਚਿਆਂ ਨੂੰ ਹੋਵੇਗੀ ਜੋ ਸਫਲ ਹੁੰਦੇ ਹਨ, ਉਸ ਤੋਂ ਵੀ ਵੱਧ ਖੁਸ਼ੀ ਅਯੋਜਕਾਂ ਨੂੰ ਹੋਵੇਗੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਇਸ ਮਿਸ਼ਨ ਤਹਿਤ ਸੇਵਾਵਾਂ ਦੇਣ ਦਾ ਬਲ ਬਖ਼ਸ਼ਿਆ ਹੈ।
ਇਸ ਮੌਕੇ ਦੀਦਾਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਲਾਸ ਨੂੰ ਕੋਚਿੰਗ ਦੇਣ ਲਈ ਬਹੁਤ ਹੀ ਉੱਚ ਸਿੱਖਿਆ ਪ੍ਰਾਪਤ ਅਤੇ ਤਜਰਬੇਕਾਰ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਲਈ ਕਿਤਾਬਾਂ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਸੁਸਾਇਟੀ ਵਲੋਂ ਨਿਸ਼ਕਾਮ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 27 ਸਿਖਿਆਰਥੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਇਕ ਦੋ ਦਿਨ ਵਿਚ ਹੋਰ ਬੱਚੇ ਵੀ ਸ਼ਾਮਲ ਹੋ ਸਕਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲਾਸ ਇੰਚਾਰਜ ਪਰਮਿੰਦਰ ਸਿੰਘ, ਕਲਾਸ ਟੀਚਰ ਜਗਦੀਸ਼ ਜੀ, ਤਰਲੋਚਨ ਸਿੰਘ ਖਟਕੜ ਕਲਾਂ, ਜਗਦੀਪ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ ਕਰੀਹਾ, ਬਖਸ਼ੀਸ਼ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ, ਅਤੇ ਜਗਜੀਤ ਸਿੰਘ ਵੀ ਮੌਜੂਦ ਸਨ।