ਧੀਰ ਪਰਿਵਾਰ ਵਲੋਂ ਆਪਣੀ ਪੁੱਤਰੀ ਮਰਹੂਮ ਦੀਪਿਕਾ ਧੀਰ ਦੀ ਯਾਦ ਵਿੱਚ ਲਗਾਇਆ ਅੱਖਾਂ ਦਾ ਚੌਥਾ ਮੁਫ਼ਤ ਚੈੱਕਅਪ ਕੈਂਪ
- 850 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਗਈ ਜਾਂਚ
- ਮੁਫ਼ਤ ਦਵਾਈਆਂ ਅਤੇ ਨਜ਼ਰ ਵਾਲੀਆਂ ਐਨਕਾਂ ਵੀ ਕੀਤੀਆ ਤਕਸੀਮ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,26 ਫਰਵਰੀ 2025 - ਇਲਾਕਾ ਚੋਹਲਾ ਸਾਹਿਬ ਦੇ ਪ੍ਰਮੁੱਖ ਧੀਰ ਪਰਿਵਾਰ (ਭਗਤ ਦੀ ਹੱਟੀ) ਵਲੋਂ ਮਰਹੂਮ ਦੀਪਿਕਾ ਧੀਰ ਪੁੱਤਰੀ ਰਮਨ ਕੁਮਾਰ ਧੀਰ ਦੀ ਨਿੱਘੀ ਯਾਦ ਵਿੱਚ ਅੱਖਾਂ ਦਾ ਚੌਥਾ ਮੁਫ਼ਤ ਚੈੱਕਅਪ ਕੈਂਪ ਗਲੋਬਲ ਆਈ ਕੇਅਰ ਹਸਪਤਾਲ ਚੋਹਲਾ ਸਾਹਿਬ ਵਿੱਚ ਲਗਾਇਆ ਗਿਆ।ਗਲੋਬਲ ਆਈ ਕੇਅਰ ਹਸਪਤਾਲ ਦੇ ਸੰਚਾਲਕ ਡਾ.ਮਨੋਜ ਕੁਮਾਰ ਦੀ ਅਗਵਾਈ ਹੇਠ ਇਸ ਮੁਫ਼ਤ ਚੈੱਕਅਪ ਕੈਂਪ ਦੌਰਾਨ ਇਲਾਕੇ ਦੇ ਕਰੀਬ 850 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।ਇਸ ਕੈਂਪ ਦੌਰਾਨ ਮੌਕੇ 'ਤੇ ਹੀ ਲੋੜਵੰਦ ਮਰੀਜ਼ਾਂ ਨੂੰ ਜਿਥੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਉਥੇ ਹੀ ਕਈ ਲੋੜਵੰਦ ਮਰੀਜ਼ਾਂ ਨੂੰ ਮੌਕੇ 'ਤੇ ਹੀ ਨਜ਼ਰ ਵਾਲੀਆਂ ਫਰੀ ਐਨਕਾਂ ਵੀ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ ਜਿੰਨਾ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਹੋਣੇ ਹਨ,ਧੀਰ ਪਰਿਵਾਰ ਵੱਲੋਂ ਇਹਨਾਂ ਆਪਰੇਸ਼ਨਾਂ 'ਤੇ ਆਉਣ ਵਾਲੇ ਖਰਚ ਵਿੱਚ ਵੀ ਵੱਧ ਤੋਂ ਵੱਧ ਸਹਾਇਤਾ ਦੇਣ ਦੀ ਗੱਲ ਕਹੀ ਗਈ।ਇਸ ਮੌਕੇ ਗੱਲਬਾਤ ਕਰਦੇ ਹੋਏ ਅਸ਼ੋਕ ਕੁਮਾਰ ਧੀਰ ਅਤੇ ਰਮਨ ਕੁਮਾਰ ਧੀਰ ਨੇ ਕਿਹਾ ਕਿ ਪਰਮਾਤਮਾ ਵੱਲੋਂ ਬਖਸ਼ੀ ਗਈ ਕਮਾਈ ਵਿੱਚੋਂ ਇਹ ਛੋਟਾ ਜਿਹਾ ਉਪਰਾਲਾ ਹੈ ਜਿਸ ਨਾਲ ਉਹ ਆਪਣੀ ਮਰਹੂਮ ਪੁੱਤਰੀ ਦੀਪਿਕਾ ਧੀਰ ਦੀ ਯਾਦ ਨੂੰ ਤਾਜ਼ਾ ਕਰ ਲੈਂਦੇ ਹਨ।ਇਸ ਮੌਕੇ ਉਨਾਂ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਅਤੇ ਇਲਾਕੇ ਭਰ ਵਿੱਚੋਂ ਆਪਣੀਆਂ ਅੱਖਾਂ ਦਾ ਮੁਆਇਨਾ ਕਰਵਾਉਣ ਵਾਸਤੇ ਪੁੱਜੇ ਮਰੀਜ਼ਾਂ ਦਾ ਧੰਨਵਾਦ ਕੀਤਾ।ਇਸ ਕੈਂਪ ਦੌਰਾਨ ਪੂਰਾ ਦਿਨ ਲੋੜਵੰਦ ਮਰੀਜ਼ਾਂ ਤੇ ਆਮ ਲੋਕਾਂ ਲਈ ਗੁਰੂ ਕਾ ਲੰਗਰ ਅਟੁੱਟ ਚੱਲਦਾ ਰਿਹਾ।