ਥਰਮਲ ਪਲਾਂਟ ਵਿੱਚ ਸੁਪਰਵਾਈਜ਼ਰ ਤੇ ਦਿਹਾੜੀਦਾਰ ਕਾਮਿਆਂ ਵਿਚਕਾਰ ਮਾਮੂਲੀ ਤਕਰਾਰਬਾਜ਼ੀ ਕਾਰਨ ਝਗੜੇ ਵਿੱਚ ਚਾਰ ਦਿਹਾੜੀਦਾਰ ਮਜ਼ਦੂਰ ਫ਼ੱਟੜ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 26 ਫਰਵਰੀ 2025: ਅੱਜ ਇੱਥੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਵਿਖੇ 5 ਨੰਬਰ ਯੂਨਿਟ ਤੇ ਸਾਢੇ ਚਾਰ ਮੀਟਰ ਦੀ ਉੱਚਾਈ ਤੇ ਮੋਟਰ ਫਿੱਟ ਕਰਨ ਦੇ ਮੁੱਦੇ ਨੂੰ ਲੈ ਕੇ ਮੈਸ. ਚੋਪੜਾ ਇੰਜੀਨੀਅਰਿੰਗ ਕੰਪਨੀ ਦੇ ਸੁਪਰਵਾਈਜ਼ਰ ਤੇ ਦਿਹਾੜੀਦਾਰ ਕਾਮਿਆਂ ਵਿਚਕਾਰ ਹੋਈ ਲੜਾਈ ਦਰਿਮਆਨ ਚਾਰ ਵਿਅਕਤੀ ਜ਼ਖਮੀ ਹੋ ਗਏ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਫੋਰਮੈਨ ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 5 ਨੰਬਰ ਯੂਨਿਟ ਤੇ ਕੰਪਨੀ ਦੇ ਵਰਕਰ ਅਮਰੀਕ ਪਾਸਵਾਨ ਤੇ ਉਸ ਦਾ ਲੜਕਾ ਹੇਮ ਰਾਜ ਪਾਸਵਾਨ ਸਾਢੇ ਚਾਰ ਮੀਟਰ ਤੇ ਮੋਟਰ ਫਿੱਟ ਕਰ ਰਹੇ ਸਨ, ਪਰ ਮੋਟਰ ਫਿੱਟ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ।
ਜਦੋਂ ਸੁਪਰਵਾਈਜ਼ਰ ਬਲਜਿੰਦਰ ਸਿੰਘ ਨੇ ਉਨ੍ਹਾਂ ਨੂੰ ਮੋਟਰ ਫਿੱਟ ਕਰਨ ਦਾ ਤਰੀਕਾ ਦੱਸਣਾ ਚਾਹਿਆ ਤਾਂ ਦੋਵੇਂ ਉਸ ਗਾਲੀ ਗਲੋਚ ਕਰਨ ਲੱਗ ਪਏ, ਜਿਸ ਉਪਰੰਤ ਸੁਪਰਵਾਈਜ਼ਰ ਹੇਠਾਂ ਵਰਕਸ਼ਾਪ ਵਿੱਚ ਆ ਗਿਆ ਤੇ ਉਹ ਦੋਵੇਂ ਖਾਣਾ ਖਾਣ ਲੱਗੇ ਤਾਂ ਇਸ ਦੌਰਾਨ ਅਮਰੀਕ ਪਾਸਵਾਨ ਤੇ ਉਸ ਦਾ ਲੜਕਾ ਹੇਮ ਰਾਜ ਪਾਸਵਾਨ ਵੀ ਹੇਠਾਂ ਆ ਕੇ ਸੁਪਰਵਾਈਜ਼ਰ ਬਲਜਿੰਦਰ ਸਿੰਘ ਨਾਲ ਕੁੱਟਮਾਰ ਕਰਨ ਲੱਗ ਪਏ ਤੇ ਉਨ੍ਹਾਂ ਬਲਿਜੰਦਰ ਸਿੰਘ ਦੇ ਸਿਰ ਵਿੱਚ ਭਾਰੀ ਚਾਬੀਆਂ ਤੇ ਹੋਰ ਸੰਦਾਂ ਨਾਲ ਸੱਟਾਂ ਮਾਰੀਆਂ ਤੇ ਜਦੋਂ ਉਹ ਸੁਪਰਵਾਈਜ਼ਰ ਨੂੰ ਛੁਡਵਾਉਣ ਲੱਗਿਆ ਤਾਂ ਦੋਵੇਂ ਪਿਉ ਪੁੱਤ ਨੇ ਉਸ ਦੀ ਵੀ ਪੱਗ ਉਤਾਰ ਦਿੱਤੀਆਂ ਤੇ ਸੱਟਾਂ ਮਾਰੀਆ।
ਜਦੋਂ ਇਸ ਸਬੰਧੀ ਮੁੱਖ ਇੰਜੀਨੀਅਰ ਹਰੀਸ਼ ਕੁਮਾਰ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹਾਲੇ ਤੱਕ ਲੜਾਈ ਸਬੰਧੀ ਕੋਈ ਸੂਚਨਾ ਨਹੀਂ ਪੁੱਜੀ ਤੇ ਉਹ ਇਸ ਸਬੰਧੀ ਜਾਂਚ ਕਰਵਾ ਕੇ ਕਸੂਰਵਾਰਾਂ ਦੇ ਖਿਲਾਫ ਨਿਯਮਾਂ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ। ਉਧਰ ਸਾਂਝਾ ਮੰਚ ਕੰਟਰੈਕਟਰ ਵਰਕਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਘਨੋਲੀ ਬਲਵਿੰਦਰ ਸਿੰਘ ਸਸਕੌਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਕਿ ਪੁਲਿਸ ਪ੍ਰਸ਼ਾਸਨ ਨੂੰ ਧਾਰਮਿਕ ਭਾਵਨਾ ਨਾਲ ਖਿਲਵਾੜ ਤਹਿਤ ਮੁਕਦਮਾ ਦਰਜ ਕੀਤਾ ਜਾਵੇ।