ਨੰਬਰਦਾਰ ਵੱਲੋਂ ਗੋਲੀ ਮਾਰਕੇ ਖੁਦਕਸ਼ੀ: 4 ਵਿਅਕਤੀਆਂ ਖਿਲਾਫ ਪਰਚਾ ਦਰਜ
- ਖੁਦਕਸ਼ੀ ਨੋਟ ’ਚ ਦਰਜ 4 ਵਿਅਕਤੀਆਂ ਖਿਲਾਫ ਮਾਮਲਾ ਦਰਜ : ਡੀ.ਐੱਸ.ਪੀ. ਬਰਾੜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ਲੋਹੀਆਂ 21 ਫਰਵਰੀ 2025 ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਕਰ੍ਹਾ ਰਾਮ ਸਿੰਘ ਦੇ ਨੰਬਰਦਾਰ ਜਗਤਾਰ ਸਿੰਘ ਬਾਬਾ ਸਾਬਕਾ ਸਰਪੰਚ ਵੱਲੋਂ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਮਾਰਕੇ ਖੁਦਕਸ਼ੀ ਕਰ ਲਏ ਜਾਣ ਦਾ ਹੈਰਾਨੀਜਨਕ ਤੇ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਕਾ ਦੇਖਣ ਪੁੱਜੇ ਸ਼ਾਹਕੋਟ ਦੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਨੇ ਥਾਣਾ ਲੋਹੀਆਂ ਵਿਖੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਕਰ੍ਹਾ ਰਾਮ ਸਿੰਘ ’ਚ ਨੰਬਰਦਾਰ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਆਪਣੇ ਆਪ ਨੂੰ ਆਪਣੀ ਲਾਇਸੰਸੀ 12 ਬੋਰ ਦੀ ਬੰਦੂਕ ਨਾਲ ਗੋਲੀ ਮਾਰਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਤਫ਼ਤੀਸ਼ ਕੀਤੀ ਕੀਤੀ ਜਾ ਰਹੀ ਹੈ, ਕਿ ਖੁਦਕਸ਼ੀ ਕਰਨ ਦੇ ਕੀ ਕਾਰਨ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਨੰਬਰਦਾਰ ਜਗਤਾਰ ਸਿੰਘ ਬਾਬਾ ਨੇ ਆਪਣੇ ਸਿਰ ਵਿੱਚ ਗੋਲੀ ਮਾਰੀ ਹੈ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਦੇਰ ਰਾਤ ਪੁਲਿਸ ਸੂਤਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕ ਨੰਬਰਦਾਰ ਜਗਤਾਰ ਸਿੰਘ ਬਾਬਾ ਦੇ ਸਪੁੱਤਰ ਹਰਦੇਵ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਕਿ ਉਨ੍ਹਾਂ ਦੇ ਪਿਤਾ ਦੇ ਕੁੜਤੇ ਵਿੱਚੋਂ ਮਿਲੇ ਖੁਦਕਸ਼ੀ ਨੋਟ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਪਿੰਡ ਦੇ 3 ਵਿਅਕਤੀਆਂ ਅਤੇ 1 ਮਲੋਟ ਸ਼ਹਿਰ ਦੇ ਵਿਅਕਤੀ ’ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ, ਉਸੇ ਅਧਾਰ ’ਤੇ ਥਾਣਾ ਲੋਹੀਆਂ ਵਿਖੇ 4 ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।