Babushahi Special: ਸਿਆਸੀ ਲੋਕਾਂ ਦੀ ਮੁੱਛ ਦੇ ਵਾਲ ਐਕਸੀਅਨ ਦੀ ਪੈੜ ਨੱਪਣ ਤੁਰੀ ਵਿਜੀਲੈਂਸ
ਅਸ਼ੋਕ ਵਰਮਾ
ਬਠਿੰਡਾ,26ਫਰਵਰੀ2025 :ਪੰਜਾਬ ਵਿਜੀਲੈਂਸ ਨੇ ਨਗਰ ਨਿਗਮ ਬਠਿੰਡਾ ਦੇ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਦੀ ਪੈੜ ਨੱਪਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ ਜੋ ਗ੍ਰਿਫਤਾਰੀ ਤੋਂ ਡਰਦਿਆਂ ਐਕਸੀਅਨ ਫਰਾਰ ਹੋ ਗਿਆ ਹੈ। ਵਿਜੀਲੈਂਸ ਵੱਲੋਂ ਹਾਲ ਹੀ ਵਿੱਚ ਬੁੱਟਰ ਖਿਲਾਫ ਸਰੋਤਾਂ ਤੋਂ ਵੱਧ ਸੰਪਤੀ ਬਨਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਹਾਲਾਂਕਿ ਅਧਿਕਾਰੀ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਬਹੁਤਾ ਕੁੱਝ ਕਹਿਣ ਨੂੰ ਤਿਆਰ ਨਹੀਂ ਹੋਏ ਪਰ ਵਿਜੀਲੈਂਸ ਕਾਰਵਾਈ ਨੇ ਨਾਂ ਕੇਵਲ ਨਗਰ ਨਿਗਮ ਦੇ ਕਈ ਅਧਿਕਾਰੀਆਂ ਬਲਕਿ ਕੁੱਝ ਸਿਆਸੀ ਲੋਕਾਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਜਿੰਨ੍ਹਾਂ ਦੀ ਛਤਰ ਛਾਇਆ ਹੇਠ ਐਕਸੀਅਨ ਬੁੱਟਰ ਖੁੱਲ੍ਹਕੇ ਖੇਡ੍ਹਦਾ ਰਿਹਾ ਹੈ। ਬੁੱਟਰ ਤੇ ਦੋਸ਼ ਹਨ ਕਿ ਉਸ ਨੇ ਆਪਣੀ ਆਮਦਨ ਤੋਂ ਵੱਧ 1.83 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਨਗਰ ਨਿਗਮ ਨੂੰ ਕਥਿਤ ਭ੍ਰਿਸ਼ਟਾਚਾਰ ਦਾ ਅੱਡਾ ਮੰਨਿਆ ਜਾਣ ਵਾਲਾ ਚਿਹਰਾ ਬੇਨਕਾਬ ਹੋ ਗਿਆ ਹੈ।
ਸੂਤਰ ਦੱਸਦੇ ਹਨ ਕਿ ਬੁੱਟਰ ਮਾਮਲੇ ਦੀ ਪੜਤਾਲ ਦੌਰਾਨ ਅਜਿਹੇ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਦੇਖਦਿਆਂ ਅਧਿਕਾਰੀ ਵੀ ਦੰਗ ਰਹਿ ਗਏ ਸਨ। ਸੂਤਰਾਂ ਮੁਤਾਬਕ ਵਿਜੀਲੈਂਸ ਨੂੰ ਕੁੱਝ ਸਿਆਸੀ ਲੋਕਾਂ ਬਾਰੇ ਵੀ ਜਾਣਕਾਰੀ ਮਿਲੀ ਹੈ ਜੋ ਬੁੱਟਰ ਦੀ ਪੁਸ਼ਤਪਨਾਹੀਂ ਕਰਦੇ ਰਹੇ ਹਨ। ਸੂਤਰਾਂ ਮੁਤਾਬਕ ਇਨ੍ਹਾਂ ਖਿਲਾਫ ਆਉਂਦੇ ਦਿਨੀਂ ਸ਼ਿਕੰਜਾ ਕਸਿਆ ਜਾ ਸਕਦਾ ਹੈ। ਸੂਤਰ ਆਖਦੇ ਹਨ ਕਿ ਨਗਰ ਨਿਗਮ ’ਚ ਮਲਾਈਦਾਰ ਅਹੁਦੇ ਤੇ ਰਹੇ ਇੱਕ ਵਿਅਕਤੀ ਨੇ ਤਾਂ ਜੁਗਾੜ ਲਾਉਣ ਲਈ ਵਿਜੀਲੈਂਸ ਤੱਕ ਪੁੱਜਣ ਦੇ ਯਤਨ ਵੀ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸੰਭਾਵੀ ਗ੍ਰਿਫਤਾਰੀ ਤੋਂ ਬਚਿਆ ਜਾ ਸਕੇ। ਵਿਜੀਲੈਂਸ ਬੁੱਟਰ ਨੂੰ ਗ੍ਰਿਫਤਾਰ ਕਰਨ ਲਈ ਅਜਿਹੇ ਲੋਕਾਂ ਤੇ ਨਜ਼ਰ ਰੱਖਣ ਲੱਗੀ ਹੈ। ਵਿਜੀਲੈਂਸ ਦੀਆਂ ਟੀਮਾਂ ਨੇ ਐਕਸੀਅਨ ਬੁੱਟਰ ਦੀ ਜੁਝਾਰ ਸਿੰਘ ਨਗਰ ਸਥਿਤ ਕੋਠੀ ਤੋਂ ਇਲਾਵਾ ਉਸ ਦੇ ਜੱਦੀ ਪਿੰਡ ਬੁੱਟਰ ਵਿੱਚ ਛਾਪੇਮਾਰੀ ਕੀਤੀ ਪਰ ਉਸਦਾ ਕੋਈ ਥਹੁ ਪਤਾ ਨਹੀਂ ਲੱਗਿਆ ਹੈ।
ਵਿਜੀਲੈਂਸ ਦੀ ਟੀਮ ਨੇ ਬੁੱਟਰ ਦੀ ਪਤਨੀ ਦੀ ਮੌਜੂਦਗੀ ’ਚ ਉਸ ਦੀ ਕੋਠੀ ਦੀ ਤਲਾਸ਼ੀ ਵੀ ਲਈ ਹੈ ਪਰ ਉੱਥੋਂ ਕੁਝ ਵੀ ਨਹੀਂ ਮਿਲਿਆ ਹੈ ਹੈ। ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਦਾ ਕਹਿਣਾ ਸੀ ਕਿ ਕਾਫੀ ਸਮਾਂ ਪਹਿਲਾਂ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਖਿਲਾਫ ਆਮਦਨ ਤੋਂ ਵੱਧ ਸੰਪਤੀ ਬਨਾਉਣ ਸਬੰਧੀ ਸ਼ਕਾਇਤ ਮਿਲੀ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਸ਼ਕਾਇਤ ਸਹੀ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਤਾ ਲੱਗਿਆ ਕਿ ਬੁੱਟਰ ਦੀ ਚੱਲ ਅਚੱਲ ਜਾਇਦਾਦ ਆਮਦਨ ਤੋਂ 1.83 ਕਰੋੜ ਜਿਆਦਾ ਹੈ। ਉਨ੍ਹਾਂ ਦੱਸਿਆ ਕਿ ਬੁੱਟਰ ਨੇ ਜਮੀਨ ,ਪਲਾਟ ਅਤੇ ਹੋਰ ਜਾਇਦਾਦ ’ਚ ਪੈਸਾ ਲਾਇਆ ਹੈ। ਡੀਐਸਪੀ ਨੇ ਦੱਸਿਆ ਕਿ ਪੜਤਾਲ ਮੁਕੰਮਲ ਕਰਨ ਮਗਰੋਂ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਮਾਮਲੇ ਦੀ ਫਾਈਲ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਸੀ ਜਿੱਥੋਂ ਪ੍ਰਵਾਨਗੀ ਮਿਲਣ ਉਪਰੰਤ ਬੁੱਟਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਜੱਟ ਜੁਗਾੜੀ ਹੁੰਦੇ ਆ
ਮਹੱਤਵਪੂਰਨ ਤੱਥ ਹੈ ਕਿ ਗੁਰਪ੍ਰੀਤ ਸਿੰਘ ਬੁੱਟਰ ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਬਠਿੰਡਾ ’ਚ ਤਾਇਨਾਤ ਰਿਹਾ ਤਾਂ ਕਾਂਗਰਸ ਦੇ ਰਾਜ ਦੌਰਾਨ ਵੀ ਉਸ ਦੀ ਨਗਰ ਨਿਗਮ ਬਠਿੰਡਾ ’ਚ ਸਰਦਾਰੀ ਕਾਇਮ ਰਹੀ। ਕਾਂਗਰਸ ਸਰਕਾਰ ਨੇ ਤਾਂ ਉਸ ਨੂੰ ਐਕਸੀਅਨ ਵਜੋਂ ਤਰੱਕੀ ਵੀ ਦਿੱਤੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਬੁੱਟਰ ਨੂੰ ਬਦਲ ਦਿੱਤਾ ਗਿਆ ਪਰ ਕੱੁਝ ਸਮਾਂ ਪਹਿਲਾਂ ਆਪਣੀ ਸਿਆਸੀ ਪਹੁੰਚ ਤੇ ’ਜੁਗਾੜ’ ਲਾਕੇ ਉਸ ਨੇ ਬਠਿੰਡਾ ਦੀ ਬਦਲੀ ਕਰਵਾ ਲਈ। ਇੱਕ ਕਾਂਗਰਸੀ ਨੇਤਾ ਨੇ ਹਾਲ ਹੀ ਵਿੱਚ ਬਠਿੰਡਾ ਆਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਵਜੋਤ ਸਿੰਘ ਨੂੰ ਬੁੱਟਰ ਖਿਲਾਫ ਕਰੋੜਾਂ ਦਾ ਘੁਟਾਲਾ ਕਰਨ ਸਬੰਧੀ ਸ਼ਕਾਇਤ ਦਿੱਤੀ ਸੀ। ਸ਼ਹਿਰ ’ਚ ਬਣੀ ਬੁੱਟਰ ਦੀ ਕੋਠੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ।
ਵਿਜੀਲੈਂਸ ਦੀ ਰੇਡਾਰ ਤੇ ਅਫਸਰ
ਅਕਾਲੀ ਸਰਕਾਰ ਦੌਰਾਨ ਐਕਸੀਅਨ ਬੁੱਟਰ ਦੀ ਬਠਿੰਡਾ ਦੇ ਅਕਾਲੀ ਲੀਡਰਾਂ ਦੇ ਥਾਪੜੇ ਨਾਲ ਤੂਤੀ ਬੋਲਦੀ ਰਹੀ ਹੈ ਤਾਂ ਕਾਂਗਰਸ ਦੇ ਰਾਜ ਦੌਰਾਨ ਉਹ ਇੱਕ ਚਰਚਿਤ ਸਿਆਸੀ ਆਗੂ ਦੀਆਂ ਅੱਖਾਂ ਦਾ ਤਾਰਾ ਰਿਹਾ ਹੈ। ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੇ ਕਰਤਾ ਧਰਤਾ ਰਹੇ ਇੱਕ ਅਧਿਕਾਰੀ ਦੇ ਕਾਰਜਕਾਲ ਦੌਰਾਨ ਨਜਾਇਜ਼ ਕਲੋਨੀਆਂ ਅਤੇ ਉਸਾਰੀਆਂ ਆਦਿ ਦੇ ਮਾਮਲੇ ਵਿੱਚ ਉਗਲ ਉਠਦੀ ਰਹੀ ਹੈ। ਕੱੁਝ ਦਿਨ ਪਹਿਲਾਂ ਵਿਜੀਲੈਂਸ ਨੇ ਨਗਰ ਨਿਗਮ ਬਠਿੰਡਾ ਦੇ ਇੱਕ ਬਿਲਡਿੰਗ ਇੰਸਪੈਕਟਰ ਨੂੰ ਵੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਸੂਤਰਾਂ ਮੁਤਾਬਕ ਹੁਣ ਨਗਰ ਨਿਗਮ ਦੀ ਇੱਕ ਮਹਿਲਾ ਅਧਿਕਾਰੀ ਅਤੇ ਇੱਕ ਪੁਰਸ਼ ਅਫਸਰ ਵਿਜੀਲੈਂਸ ਦੇ ਰੇਡਾਰ ਤੇ ਹਨ। ਇਸ ਮਾਮਲੇ ’ਚ ਬਦਨਾਮੀ ਦੀ ਇੰਤਹਾ ਹੈ ਕਿ ਲੋਕ ਬਠਿੰਡਾ ਕਾਰਪੋਰੇਸ਼ਨ ਨੂੰ ‘ਕਰੋ ਪਰੇਸ਼ਾਨ ਤੇ ਕਰੋ ਕੁਰਪਸ਼ਨ ਕਹਿਣ ਲੱਗੇ ਹਨ।
ਬਠਿੰਡਾ ਦੀ ਕਲੋਨੀ ਵੀ ਸ਼ੱਕ ਦੇ ਘੇਰੇ ’ਚ
ਵਿਜੀਲੈਂਸ ਨੇ ਡੱਬਵਾਲੀ ਸੜਕ ਤੇ ਇੱਕ ਨਜਾਇਜ ਕਲੋਨੀ ਦਾ ਖੁਲਾਸਾ ਕੀਤਾ ਸੀ। ਵਰਧਮਾਨ ਪਾਲੀਟੈਕਸ ਨਾਮੀ ਕਲੋਨੀ ਦਾ ਰਿਕਾਰਡ ਵੀ ਵਿਜੀਲੈਂਸ ਦੀ ਟੀਮ ਨਗਰ ਨਿਗਮ ਬਠਿੰਡਾ ਤੋਂ ਚੰਡੀਗੜ੍ਹ ਲੈਕੇ ਗਈ ਸੀ ਅਤੇ ਅਫਸਰਾਂ ਤੋਂ ਵੀ ਵਿਜੀਲੈਂਸ ਨੇ ਪੁੱਛ ਪੜਤਾਲ ਕੀਤੀ ਸੀ। ਇਹ ਵੀ ਸਾਹਮਣੇ ਆਇਆ ਸੀ ਕਿ ਕਲੋਨੀ ਮਾਲਕ ਨੇ ਪ੍ਰਵਾਨਗੀ ਮੰਗੀ ਸੀ ਜੋ ਨਾਂ ਮਿਲੀ ਫਿਰ ਵੀ ਕਲੋਨੀ ਕੱਟ ਦਿੱਤੀ ਗਈ। ਇਸ ਸਬੰਧੀ ਹੋਈ ਸ਼ਕਾਇਤ ਦੀ ਅਜੇ ਪੜਤਾਲ ਜਾਰੀ ਹੈ।