ਪੀ.ਏ.ਯੂ. ਵਿਖੇ ਤੇਲਬੀਜਾਂ ਅਤੇ ਦਾਲਾਂ ਦੀ ਭੂਮਿਕਾ ਵਧਾਉਣ ਬਾਰੇ ਇਕ ਰੋਜ਼ਾ ਰਾਸ਼ਟਰੀ ਕਾਨਫਰੰਸ ਕਰਵਾਈ ਗਈ
ਲੁਧਿਆਣਾ 25 ਫਰਵਰੀ, 2025 - ਅੱਜ ਪੀ.ਏ.ਯੂ. ਵਿਖੇ ਪਾਮੇਟੀ ਦੇ ਕਾਨਫਰੰਸ ਹਾਲ ਵਿਚ ਇਕ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ| ਆਈ ਸੀ ਐੱਸ ਐੱਸ ਆਰ ਵੱਲੋਂ ਪ੍ਰਾਯੋਜਿਤ ਇਹ ਰਾਸ਼ਟਰੀ ਕਾਨਫਰੰਸ ਵਿਕਸਿਤ ਭਾਰਤ ਵਿਜ਼ਨ 2047 ਦੇ ਅਧੀਨ ਕਰਵਾਈ ਗਈ ਅਤੇ ਇਸਦਾ ਸਿਰਲੇਖ ਭਾਰਤ ਵਿਚ ਖੇਤੀ ਨੂੰ ਮੁੜ ਵਿਉਂਤਣ ਵਿਚ ਤੇਲਬੀਜਾਂ ਅਤੇ ਦਾਲਾਂ ਦੀ ਆਰਥਿਕ ਵਾਧੇ ਵਿਚ ਭੂਮਿਕਾ ਸੀ| ਕਾਨਫਰੰਸ ਦੇ ਆਰੰਭਕ ਸ਼ੈਸਨ ਦੀ ਪ੍ਰਧਾਨਗੀ ਆਈ ਸੀ ਏ ਆਰ ਸਿਫਟ ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀ ਵਾਲੇ ਨੇ ਕੀਤੀ| ਉਹਨਾਂ ਨਾਲ ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਵਧੀਕ ਨਿਰਦੇਸ਼ਕ ਖੋਜ ਖੇਤੀਬਾੜੀ ਡਾ. ਗੁਰਜੀਤ ਸਿੰਘ ਮਾਂਗਟ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਉਪ ਨਿਰਦੇਸ਼ਕ ਡਾ. ਗੁਰਦੀਪ ਸਿੰਘ ਮੰਚ ਤੇ ਮੌਜੂਦ ਰਹੇ|
ਪ੍ਰਧਾਨਗੀ ਭਾਸ਼ਣ ਵਿਚ ਡਾ. ਨਚਿਕੇਤ ਕੋਤਵਾਲੀ ਵਾਲੇ ਨੇ ਕਿਹਾ ਕਿ ਦਾਲਾਂ ਅਤੇ ਤੇਲਬੀਜ ਭਾਰਤੀਆਂ ਦੀ ਖੁਰਾਕ ਦਾ ਅਹਿਮ ਹਿੱਸਾ ਹਨ| ਪੂਰੀ ਦੁਨੀਆਂ ਵਿਚ ਪਸ਼ੂਆਂ ਤੋਂ ਭੋਜਨ ਪਦਾਰਥ ਨਾ ਲੈਣ ਵਾਲੇ ਲੋਕ ਪ੍ਰੋਟੀਨ ਦੇ ਮੁੱਖ ਸਰੋਤ ਵਜੋਂ ਦਾਲਾਂ ਗ੍ਰਹਿਣ ਕਰਦੇ ਹਨ| ਸਿਹਤ ਲਈ ਜ਼ਰੂਰੀ ਤੱਤਾਂ ਦਾ ਸਰੋਤ ਇਹ ਦੋਵੇਂ ਫਸਲੀ ਭਿੰਨਤਾਵਾਂ ਮੰਨੀਆਂ ਜਾਂਦੀਆਂ ਹਨ| ਇਹਨਾਂ ਦਾ ਸੰਬੰਧ ਵਾਤਾਵਰਨ ਦੀ ਸੰਭਾਲ ਅਤੇ ਪੌਣ ਪਾਣੀ ਦੇ ਖਤਰਿਆਂ ਦੇ ਮੱਦੇਨਜ਼ਰ ਅਜੋਕੇ ਸਮੇਂ ਨਾਲ ਹੋਰ ਗਹਿਰਾ ਹੋ ਜਾਂਦਾ ਹੈ| ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਾਣੀ ਦੀ ਘੱਟ ਖਪਤ ਲਈ ਦਾਲਾਂ ਅਤੇ ਤੇਲਬੀਜਾਂ ਦੀ ਕਾਸ਼ਤ ਰਾਮਬਾਣ ਸਾਬਿਤ ਹੋ ਸਕਦੀ ਹੈ| ਉਹਨਾਂ ਕਿਹਾ ਕਿ ਭਾਰਤੀ ਅਰਥਚਾਰੇ ਅਤੇ ਕੁੱਲ ਘਰੇਲੂ ਉਤਪਾਦ ਵਿਚ ਵੀ ਦਾਲਾਂ ਅਤੇ ਤੇਲਬੀਜਾਂ ਦਾ ਅਹਿਮ ਹਿੱਸਾ ਰਿਹਾ ਹੈ| ਡਾ. ਨਚਿਕੇਤ ਨੇ ਕਿਹਾ ਕਿ ਅੱਜ ਖੇਤੀ ਨੂੰ ਕਿਸੇ ਮਿਸ਼ਨ ਜਾਂ ਦਾਨ ਦੀ ਭਾਵਨਾ ਨਾਲ ਜਾਰੀ ਨਹੀਂ ਰੱਖਿਆ ਜਾ ਸਕਦਾ ਬਲਕਿ ਇਹ ਮੁਨਾਫ਼ੇ ਅਤੇ ਵਪਾਰ ਕੇਂਦਰਿਤ ਕਿੱਤਾ ਬਣਿਆ ਹੈ| ਵਪਾਰ ਪੱਖੋਂ ਸਫਲ ਫਸਲਾਂ ਦੀ ਬਿਜਾਈ ਆਪਣੇ ਆਪ ਵਿਚ ਸਾਡੇ ਸਮਿਆਂ ਦੀ ਪ੍ਰਮੁੱਖ ਲੋੜ ਬਣ ਜਾਂਦੀ ਹੈ| ਇਸਲਈ ਕਿਸਾਨਾਂ ਨੂੰ ਦਾਲਾਂ ਅਤੇ ਤੇਲਬੀਜਾਂ ਦੀ ਕਾਸ਼ਤ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ| ਇਸਦੇ ਨਾਲ ਹੀ ਭੋਜਨ ਅਤੇ ਪੋਸ਼ਣ ਸੁਰੱਖਿਆ ਦੇ ਪੱਖ ਤੋਂ ਵੀ ਇਹਨਾਂ ਫਸਲਾਂ ਨੂੰ ਬੀਜਣਾ ਲਾਹੇਵੰਦ ਹੋ ਸਕਦਾ ਹੈ| ਉਹਨਾਂ ਨੇ ਦਾਲਾਂ ਦੇ ਮੌਜੂਦ ਤੱਤਾਂ ਦਾ ਜ਼ਿਕਰ ਕੀਤਾ ਅਤੇ ਪੁਰਾਣੀਆਂ ਖੁਰਾਕਾਂ ਵਿਚ ਇਹਨਾਂ ਤੱਤਾਂ ਦੀ ਬਹੁਤਾਤ ਦੀ ਗੱਲ ਕੀਤੀ| ਡਾ. ਨਚਿਕੇਤ ਨੇ ਕਿਹਾ ਕਿ ਅੱਜ ਦੀ ਇਹ ਕਾਨਫਰੰਸ ਇਸ ਪੱਖ ਤੋਂ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ|
ਮੁੱਖ ਸੁਰ ਭਾਸ਼ਣ ਸਾਬਕਾ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਦਿੱਤਾ| ਉਹਨਾਂ ਨੇ ਆਪਣੇ ਭਾਸ਼ਣ ਵਿਚ ਦਾਲਾਂ ਅਤੇ ਤੇਲਬੀਜਾਂ ਦੀ ਕਾਸ਼ਤ ਨੂੰ ਘਰੇਲੂ ਪੱਧਰ ਤੇ ਪੰਜਾਬ ਦੇ ਫਸਲੀ ਢਾਂਚੇ ਦਾ ਅਹਿਮ ਹਿੱਸਾ ਕਿਹਾ| ਡਾ. ਬੈਂਸ ਨੇ ਦੱਸਿਆ ਕਿ ਮੁੱਢਲੇ ਰੂਪ ਵਿਚ ਘਰੋਗੀ ਲੋੜਾਂ ਲਈ ਦਾਲਾਂ ਅਤੇ ਤੇਲਬੀਜਾਂ ਦੀ ਬਿਜਾਈ ਕਰ ਲਈ ਜਾਂਦੀ ਸੀ| ਇਸ ਨਾਲ ਨਾ ਸਿਰਫ ਪਰਿਵਾਰ ਦਾ ਖਰਚਾ ਸੰਤੁਲਨ ਵਿਚ ਰਹਿੰਦਾ ਸੀ ਬਲਕਿ ਸਿਹਤ ਪੱਖੋਂ ਵੀ ਢੁੱਕਵੇਂ ਤੱਤਾਂ ਦੀ ਪੂਰਤੀ ਸਥਾਨਕ ਪੱਧਰ ਤੇ ਹੋ ਜਾਂਦੀ ਸੀ| ਉਹਨਾਂ ਕਿਹਾ ਕਿ ਵਪਾਰਕ ਪੱਖ ਤੋਂ ਵੀ ਇਹਨਾਂ ਫਸਲਾਂ ਦੀ ਕਾਸ਼ਤ ਆਰਥਿਕ ਅਧਾਰ ਤੇ ਲਾਹੇਵੰਦ ਰਹੀ ਹੈ| ਡਾ. ਬੈਂਸ ਨੇ ਦਾਲਾਂ ਅਤੇ ਤੇਲਬੀਜਾਂ ਵਿਚਲੇ ਖੁਰਾਕੀ ਤੱਤਾਂ ਦਾ ਜ਼ਿਕਰ ਕਰਦਿਆਂ ਮਨੁੱਖੀ ਸਿਹਤ ਉੱਪਰ ਇਹਨਾਂ ਦੇ ਪ੍ਰਭਾਵਾਂ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਮਨੁੱਖੀ ਭੋਜਨ ਵਿਚ ਦਾਲਾਂ ਪ੍ਰੋਟੀਨ ਅਤੇ ਪੋਸ਼ਕਤਾ ਦਾ ਸਰੋਤ ਰਹੀਆਂ ਹਨ| ਮੌਜੂਦਾ ਸਮੇਂ ਵਿਚ ਵਾਤਾਵਰਨ ਬਾਰੇ ਚਲ ਰਹੀ ਵਿਚਾਰ-ਚਰਚਾ ਵਿੱਚੋਂ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਘਟਾ ਕੇ ਖੇਤੀ ਵਿਭਿੰਨਤਾ ਦਾ ਜੋ ਸਰੂਪ ਵਿਉਂਤਿਆ ਜਾ ਰਿਹਾ ਹੈ ਉਸ ਵਿਚ ਦਾਲਾਂ ਅਤੇ ਤੇਲਬੀਜਾਂ ਦੀ ਭੂਮਿਕਾ ਅਹਿਮ ਹੋਵੇਗੀ| ਡਾ. ਬੈਂਸ ਨੇ ਇਹਨਾਂ ਫਸਲਾਂ ਹੇਠ ਆਉਂਦੇ ਰਕਬੇ ਦੇ ਹਵਾਲੇ ਨਾਲ ਉਹਨਾਂ ਕਾਰਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਕਾਰਨ ਇਹ ਰਕਬਾ ਘਟਿਆ ਹੈ| ਨਾਲ ਹੀ ਉਹਨਾਂ ਨੇ ਰਕਬਾ ਵਧਾਉਣ ਲਈ ਖੋਜ ਅਤੇ ਪਸਾਰ ਮਾਹਿਰਾਂ ਨੂੰ ਕਿਸਾਨਾਂ ਦੀ ਮੰਗ ਅਨੁਸਾਰ ਢੁੱਕਵੀਆਂ ਕਿਸਮਾਂ ਬਾਰੇ ਹੋਰ ਖੋਜ ਕਰਨ ਲਈ ਪ੍ਰੇਰਿਤ ਕੀਤਾ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਾਨਫਰੰਸ ਦੇ ਆਯੋਜਨ ਲਈ ਆਈ ਸੀ ਐੱਸ ਐੱਸ ਆਰ ਦੀ ਇਮਦਾਦ ਬਾਰੇ ਧੰਨਵਾਦ ਦੇ ਸ਼ਬਦ ਕਹੇ| ਉਹਨਾਂ ਕਿਹਾ ਕਿ ਆਰੰਭਕ ਸ਼ੈਸਨ ਤੋਂ ਬਿਨਾਂ ਤਕਨੀਕੀ ਸ਼ੈਸਨਾਂ ਦੌਰਾਨ ਮਾਹਿਰਾਂ ਵੱਲੋਂ ਸੰਬੰਧਿਤ ਵਿਸ਼ੇ ਬਾਰੇ ਜ਼ੁਬਾਨੀ ਪੇਸ਼ਕਾਰੀਆਂ, ਪੋਸਟਰ ਪੇਸ਼ਕਾਰੀਆਂ ਅਤੇ ਵਿਚਾਰ-ਚਰਚਾਵਾਂ ਹੋਣਗੀਆਂ| ਉਹਨਾਂ ਕਿਹਾ ਕਿ ਖੇਤੀ ਵਿਭਿੰਨਤਾ ਦੇ ਨਾਲ-ਨਾਲ ਪੌਸ਼ਕਤਾ ਅੱਜ ਦੇ ਸਮੇਂ ਦੀ ਪ੍ਰਮੁੱਖ ਮੰਗ ਹੈ ਅਤੇ ਦਾਲਾਂ ਤੇ ਤੇਲਬੀਜਾਂ ਰਾਹੀਂ ਇਸ ਦਿਸ਼ਾ ਵਿਚ ਕ੍ਰਾਂਤੀਕਾਰੀ ਕਦਮਾਂ ਦੀ ਤਲਾਸ਼ ਵਿਚ ਇਸ ਕਾਨਫਰੰਸ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ|
ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਕਿਹਾ ਕਿ ਭਾਵੇਂ ਹਰੀ ਕ੍ਰਾਂਤੀ ਨੇ ਦਾਲਾਂ ਅਤੇ ਤੇਲਬੀਜਾਂ ਦਾ ਹਿੱਸਾ ਸਾਡੇ ਕਾਸ਼ਤ ਵਿਹਾਰ ਵਿੱਚੋਂ ਘਟਾਇਆ ਹੈ ਪਰ ਸਿਹਤ ਸੰਬੰਧੀ ਪੈਦਾ ਹੋ ਰਹੀ ਜਾਗਰੂਕਤਾ ਦੇ ਮੱਦੇਨਜ਼ਰ ਇਸਨੂੰ ਵਧਾਉਣ ਲਈ ਹੋਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ|
ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਉਪ ਨਿਰਦੇਸ਼ਕ ਡਾ. ਗੁਰਦੀਪ ਸਿੰਘ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਕਾਨਫਰੰਸ ਦੀ ਰੂਪਰੇਖਾ ਉੱਪਰ ਚਾਨਣਾ ਪਾਇਆ| ਇਸ ਮੌਕੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਵਧੀਕ ਨਿਰਦੇਸ਼ਕ ਖੋਜ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਬਿਨਾਂ ਵੱਖ ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਅਹੁਦੇਦਾਰ ਅਤੇ ਮਾਹਿਰ ਭਰਪੂਰ ਗਿਣਤੀ ਵਿਚ ਮੌਜੂਦ ਰਹੇ|