ਦਿੱਲੀ ਸਿੱਖ ਕਤਲੇਆਮ : ਉਮਰ ਕੈਦ ਦੀ ਜੋ ਸਜ਼ਾ ਸੁਣਾਈ ਗਈ ਜੋ ਦੋਸ਼ੀਆਂ ਦੇ ਜ਼ੁਲਮਾਂ ਦੇ ਮੁਕਾਬਲੇ ਬਹੁਤ ਘੱਟ - ਅਕਾਲੀ ਦਲ 1920
ਅੰਮ੍ਰਿਤਸਰ 25 ਫਰਵਰੀ 2025 - ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿੱਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵੱਲੋਂ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ’ਤੇ ਕਿਹਾ ਕਿ ਆਸ ਸੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇਗੀ, ਪਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜੋ ਦੋਸ਼ੀਆਂ ਦੇ ਜ਼ੁਲਮਾਂ ਦੇ ਮੁਕਾਬਲੇ ਬਹੁਤ ਘੱਟ ਹੈ।
ਉਨਾਂ ਕਿਹਾ ਕਿ 1984 ’ਚ ਹਜ਼ਾਰਾਂ ਸਿੱਖਾਂ ਦਾ ਵਹਿਸ਼ੀਆਣਾ ਤਰੀਕੇ ਨਾਲ ਕਤਲ ਕੀਤਾ ਗਿਆ। ਇਸ ਕਤਲੇਆਮ ਦੀ ਅਗਵਾਈ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਜਿਹੇ ਲੋਕਾਂ ਨੇ ਕੀਤੀ, ਜਿਨ੍ਹਾਂ ਦੀ ਕਾਂਗਰਸ ਹਮੇਸ਼ਾ ਪੁਸ਼ਤਪਨਾਹੀ ਕਰਦੀ ਰਹੀ। ਇਸ ਕਤਲੇਆਮ ਦੇ ਇਨਸਾਫ਼ ਲਈ ਪੀੜਤਾਂ ਨੇ 40 ਸਾਲ ਤੋਂ ਵੱਧ ਕਾਨੂੰਨੀ ਲੜਾਈ ਲੜੀ। ਪਰ ਫਿਰ ਵੀ ਸਿੱਖਾਂ ਦੇ ਵਲੂੰਧਰ ਰਹੇ ਹਿਰਦਿਆਂ ਨੂੰ ਸ਼ਾਂਤੀ ਪੁੱਜੀ ਹੈ। ਉਨਾਂ ਕਿਹਾ ਕਿ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਦਿਆਂ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਆਗੂਆਂ ਨੂੰ ਵੱਡੇ ਸਰਕਾਰੀ ਅਹੁਦਿਆਂ ਨਾਲ ਸਨਮਾਨਿਤ ਕੀਤਾ ਅਤੇ ਉਹ ਸਤਾ ਦਾ ਸੁਖ ਭੋਗਦੇ ਰਹੇ।