ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਤੇਲ ਬੀਜਾਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 25 ਫਰਵਰੀ2025 : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਤੇਲ ਬੀਜਾਂ ਦੀ ਸਫਲ ਕਾਸ਼ਤ ਸਬੰਧੀ ਇਕ ਰੋਜਾ ਸਿਖਲਾਈ ਕੋਰਸ ਜ਼ਿਲ੍ਹੇ ਦੇ ਪਿੰਡ ਬਹਿਮਣ ਕੌਰ ਸਿੰਘ ਬਲਾਕ ਤਲਵੰਡੀ ਸਾਬੋ ਵਿਖੇ ਕਰਵਾਇਆ ਗਿਆ। ਇਸ ਸਿਖਲਾਈ ਕੋਰਸ ਦਾ ਮੁੱਖ ਮੰਤਵ ਤੇਲ ਬੀਜ ਦੀਆਂ ਫਸਲਾਂ ਜਿਵੇਂ ਸਰੋਂ, ਤੋਰੀਆ ਆਦਿ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਸੀ। ਇਹ ਜਾਣਕਾਰੀ ਕੇ.ਵੀ.ਕੇ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਸਾਂਝੀ ਕੀਤੀ।
ਇਸ ਮੌਕੇ ਡਾ. ਤੇਜਬੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੀ.ਏ.ਯੂ ਵੱਲੋਂ ਸਿਫਾਰਸ਼ ਖਾਦਾਂ ਹੀ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਮਿੱਟੀ ਪਾਣੀ ਦੀ ਪਰਖ ਸੰਬੰਧੀ ਵੀ ਪ੍ਰੇਰਿਤ ਕੀਤਾ। ਡਾ. ਗੁਰਮੀਤ ਸਿੰਘ ਢਿੱਲੋਂ ਨੇ ਤੇਲ ਬੀਜ ਫਸਲਾਂ ਦੀ ਮਹੱਤਤਾ ਅਤੇ ਇਸ ਦੀ ਸਫਲ ਕਾਸ਼ਤ ਸਬੰਧੀ ਆਪਣੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘਰੇਲੂ ਵਰਤੋਂ ਲਈ ਘਰ ਦੀ ਘਾਣੀ ਦਾ ਤੇਲ ਕਢਵਾ ਕੇ ਵਰਤਣ ਤਾਂ ਜੋ ਨਕਲੀ ਤੇਲ ਦੇ ਦੁਰ ਪ੍ਰਭਾਵਾਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਤਲਵੰਡੀ ਸਾਬੋ ਡਾ. ਗੁਰਕੰਵਲ ਸਿੰਘ ਨੇ ਆਪਣੇ ਮਹਿਕਮੇ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵੀ ਚਰਚਾ ਕੀਤੀ ਅਤੇ ਸੀਨੀਅਰ ਰੀਸਰਚ ਫੈਲੋ ਸ੍ਰ. ਪ੍ਰਕਾਸ਼ ਸਿੰਘ ਸਿੱਧੂ ਨੇ ਵੀ ਆਪਣੇ ਖੇਤੀ ਨਾਲ ਸਬੰਧਤ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ।