ਕੱਚੀ ਪਹੀ ਤੋਂ ਵੀ ਮਾੜੀ ਹਾਲਤ 'ਚ ਆਈ ਮਲਕਪੁਰ -ਜਿਊਲੀ ਸੰਪਰਕ ਸੜਕ
- ਸਰਕਾਰਾਂ ਨੇ ਸੜਕ ਨੂੰ ਮੂਲੋਂ ਵਿਸਾਰਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਫਰਵਰੀ 2025: ਸਰਕਾਰ ਦੀ ਬੇਰੁੱਖੀ ਦੇ ਚਲਦਿਆਂ ਮਲਕਪੁਰ- ਜਿਊਲੀ ਸੰਪਰਕ ਸੜਕ ਦੀ ਇੱਕ ਖੇਤਾਂ ਨੂੰ ਜਾਂਦੀ ਕੱਚੀ ਪਹੀ ਤੋਂ ਮਾੜੀ ਹੋ ਗਈ ਹੈ, ਜਿਸ ਦੇ ਕਾਰਨ ਪਿੰਡ ਦੇ ਲੋਕਾਂ ਸਮੇਤ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਰਾਹਗੀਰ ਭੁਪਿੰਦਰ ਸਿੰਘ ਮਲਕਪੁਰ, ਬਲਵਿੰਦਰ ਸਿੰਘ ਮਲਕਪੁਰ, ਭੁਪਿੰਦਰ ਸਿੰਘ ਜੰਡਲੀ, ਕੁਲਦੀਪ ਸ਼ਰਮਾ, ਸੰਦੀਪ ਸ਼ਰਮਾ, ਕਾਮਰੇਡ ਲਾਭ ਸਿੰਘ, ਕੋਲ ਸਿੰਘ, ਚੰਦਰਪਾਲ ਅੱਤਰੀ, ਆਦਿ ਨੇ ਦੱਸਿਆ ਕਿ ਪਿੰਡ ਮਲਕਪੁਰ ਤੋਂ ਜਿਊਲੀ ਜਾਮ ਵਾਲੀ ਸੰਪਰਕ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਵੱਲੋਂ ਉਕਤ ਸੜਕ ਨੂੰ ਨਾ ਬਣਾ ਕੇ ਅਣਹੋਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਇਸ ਸੜਕ ਨੂੰ ਬਣਾਉਣ ਲਈ ਲਾਰੇ ਲੱਪੇ ਹੀ ਲਾਏ ਜਾ ਰਹੇ ਹਨ, ਪਰ ਲੋਕਾਂ ਦੀ ਇਸ ਸਮੱਸਿਆ ਵੱਲੋਂ ਉੱਕਾ ਧਿਆਨ ਹੀਂ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਇਸ ਸੜਕ ਉੱਤੋਂ ਦੀ ਲੰਘਣ ਵਾਲੇ ਰਾਹਗੀਰ ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ ਅਤੇ ਮਜਬੂਰ ਹੋ ਕੇ ਉਨ੍ਹਾਂ ਨੂੰ ਰੋਜ਼ਾਨਾ ਇਸ ਸੜਕ ਰਾਹੀਂ ਲੰਘਣਾ ਪੈਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਨੂੰ ਮੂੰਗੇਰੀ ਲਾਲ ਦੇ ਸੁਪਨੇ ਵਿਖਾ ਕੇ ਸੱਤਾ ਵਿੱਚ ਆਈ ਸੂਬਾ ਸਰਕਾਰ ਹੁਣ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਿੰਡ ਪੱਧਰ ਉੱਤੇ ਵਿਕਾਸ ਤਾਂ ਕੀ ਕਰਨੇ ਸਨ, ਪਿੰਡਾਂ ਨੂੰ ਜੋੜਨ ਵਾਲੀ ਸੜਕਾਂ ਹੀ ਨਹੀਂ ਬਣ ਰਹੀ।
ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸੜਕ ਉੱਤ ਪਏ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਕਈ ਥਾਂ ਤੋਂ ਕੱਚੀ ਬਣ ਗਈ ਸੜਕ ਉੱਤੇ ਚਿੱਕੜੋ- ਚਿਕੜੀ ਹੋ ਜਾਂਦੀ ਹੈ, ਜਿਸ ਉੱਤੋਂ ਦੀ ਰਾਹਗੀਰਾਂ ਨੂੰ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਉਸ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਰੋਜ਼ਾਨਾ ਆਉਣ ਜਾਣ ਵਾਲਿਆਂ ਦੀ ਪ੍ਰੇਸ਼ਾਨੀ ਘੱਟ ਸਕੇ। ਇਸ ਸਬੰਧੀ ਸੰਪਰਕ ਕਰਨ ਤੇ ਪੰਜਾਬ ਮੰਡੀ ਬੋਰਡ ਮੋਹਾਲੀ ਦੇ ਐਸਡੀਓ ਅਮਨਵੀਰ ਸਿੰਘ ਨੇ ਕਿਹਾ ਕਿ ਮਲਕਪੁਰ ਤੋਂ ਜਿਊਲੀ ਸੰਪਰਕ ਸੜਕ ਦਾ ਐਸਟੀਮੇਟ ਬਣਾ ਕੇ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ ਹੈ, ਜਦੋਂ ਵੀ ਪਾਸ ਹੋ ਗਿਆ ਤਾਂ ਉਸੇ ਸਮੇਂ ਇਸ ਸੜਕ ਉੱਤੇ ਕੰਮ ਲਗਾ ਦਿੱਤਾ ਜਾਵੇਗਾ।