ਅਸਮਾਨੀ ਬਿਜਲੀ ਡਿੱਗਣ ਨਾਲ ਕਈ ਘਰਾਂ ਦੇ ਸੜੇ ਇਲੈਕਟਰੋਨਿਕ ਉਪਕਰਨ
ਰੋਹਿਤ ਗੁਪਤਾ
ਗੁਰਦਾਸਪੁਰ, 20 ਫਰਵਰੀ 2025 - ਗੁਰਦਾਸਪੁਰ ਦੇ ਪੁਰਾਨਾ ਬਾਜ਼ਾਰ ਦੀ ਬੈਲਾਂ ਵਾਲੀ ਗਲੀ ਵਿੱਚ ਦੇਰ ਸ਼ਾਮ ਅਸਮਾਨੀ ਬਿਜਲੀ ਡਿੱਗਣ ਨਾਲ ਕਈ ਘਰਾਂ ਦੇ ਬਿਜਲੀ ਦੇ ਉਪਕਰਨ ਸੜ ਗਏ ਤੇ ਲੱਖਾ ਦਾ ਨੁਕਸਾਨ ਹੋ ਗਿਆ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਮੁਹੱਲੇ ਵਿੱਚ ਰਹਿਣ ਵਾਲੇ ਪੰਨਾ ਲਾਲ ਦੇ ਘਰ ਵਿੱਚ ਕਾਫੀ ਨੁਕਸਾਨ ਹੋਇਆ ਹੈ ਅਤੇ ਉਹਨ੍ਾਂ ਦੇ ਘਰ ਦੀਆਂ ਦੀਵਾਰਾਂ ਵਿੱਚ ਵੀ ਪਾੜ ਪੈ ਗਏ ਹਨ ਜਦਕਿ ਕਈ ਹੋਰ ਘਰਾਂ ਦੇ ਬਿਜਲੀ ਦੇ ਉਪਕਰਨ ਤੇ ਵਾਇਰਿੰਗ ਵੀ ਸੜ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੀ ਹੋਏ ਪੰਨਾ ਲਾਲ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਘਰ ਚ ਹੀ ਮਜੂਦ ਸਨ ਕਿ ਇੱਕ ਦਮ ਅਸਮਾਨ ਚੋਂ ਬਿਜਲੀ ਚਮਕੀ ਤੇ ਉਹਨਾਂ ਦੇ ਘਰ ਚ ਜਿਵੇਂ ਇੱਕ ਵੱਡਾ ਧਮਾਕਾ ਹੋਇਆ ਅਤੇ ਜਿਸ ਨਾਲ ਉਹਨਾਂ ਦੇ ਘਰ ਦੀ ਲਾਈਟ ਵੀ ਬੰਦ ਹੋ ਗਈ ਅਤੇ ਸਾਰੀ ਬਿਜਲੀ ਦੀ ਵਾਇਰਿੰਗ ਤਾਂ ਸੜ ਹੀ ਗਈ ਉਸਦੇ ਨਾਲ ਹੀ ਘਰ ਵਿੱਚ ਸਾਰਾ ਮਹਿੰਗਾ ਸਾਮਾਨ ਜਿਵੇਂ ਕੀ ਟੀਵੀ , ਇਨਵਰਟਰ ਆਦਿ ਹੋਰ ਸਾਮਾਨ ਲਗਭਗ ਬਿਲਕੁਲ ਨਸ਼ਟ ਹੋ ਗਿਆ। ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਹੋਇਆ ਹੈ।
ਉੱਥੇ ਹੀ ਮੁਹੱਲੇ ਦੀਆਂ ਔਰਤਾਂ ਨੇ ਦੱਸਿਆ ਕਿ ਮੁਹੱਲੇ ਦੇ ਲਗਭਗ ਸੱਤ ਘਰਾਂ ਦਾ ਨੁਕਸਾਨ ਹੋਇਆ ਹੈ ਅਤੇ ਕਿਸੇ ਦੀ ਐਲਈਡੀ, ਕਿਸੇ ਦਾ ਇਨਵਰਟਰ, ਤੇ ਕਈਆਂ ਦੇ ਤਾਂ ਬਿਜਲੀ ਦੇ ਮੀਟਰ ਤੱਕ ਸੜ ਗਏ ਹਨ। ਉਹਨਾਂ ਦੱਸਿਆ ਕਿ ਲੱਖਾ ਦਾ ਨੁਕਸਾਨ ਹੋਇਆ ਹੈ।