ਬੈਂਕ ਮੁਲਾਜ਼ਮ ਦੇ ਹੱਥੋਂ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਬੈਂਕ ਦੇ ਬਾਹਰ ਕੀਤਾ ਰੋਸ਼ ਪ੍ਰਦਰਸਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 20 ਫਰਵਰੀ 2025 - ਕਾਦੀਆਂ ਦੇ ਬੈਂਕ ਆਫ ਬੜੋਦਾ ਵਿਖੇ ਪਿਛਲੇ ਤਿੰਨ ਮਹੀਨੇ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਬੈਂਕ ਕੇਰ ਕੇ ਬੈਂਕ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਦੇ ਜ਼ੋਰਦਾਰ ਨਾਰੇਬਾਜ਼ੀ ਕੀਤੀ। ਮਾਮਲਾ ਬੈਂਕ ਦੇ ਇੱਕ ਮੁਲਾਜ਼ਮ ਵੱਲੋਂ ਕਈ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰਕੇ ਫਰਾਰ ਹੋਣ ਦਾ ਹੈ। ਇਹ ਮੁਲਾਜ਼ਮ ਲੋਕਾਂ ਕੋਲੋਂ ਅਕਾਊਂਟ ਵਿੱਚ ਜਮਾ ਕਰਾਉਣ ਅਤੇ ਐਫਡੀ ਬਣਵਾਉਣ ਦੇ ਨਾਂ ਤੇ ਪੈਸੇ ਲੈ ਲੈਂਦਾ ਸੀ ਅਤੇ ਜਮਾ ਨਹੀਂ ਕਰਵਾਉਂਦਾ ਸੀ ਤੇ ਫੇਰ ਜਦੋਂ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਬੈਂਕ ਦਾ ਇਹ ਮੁਲਾਜ਼ਮ ਨੌਕਰੀ ਛੱਡ ਕੇ ਫਰਾਰ ਹੋ ਗਿਆ।
ਲੋਕ ਪਿਛਲੇ ਤਿੰਨ ਮਹੀਨੇ ਤੋਂ ਬੈਂਕ ਦੇ ਚੱਕਰ ਲਗਾ ਰਹੇ ਹਨ ਅਤੇ ਉਹਨਾਂ ਨੂੰ ਇਹੋ ਆਸ਼ਵਾਸਨ ਦਵਾਇਆ ਜਾਂਦਾ ਹੈ ਕਿ ਤੁਹਾਡੇ ਪੈਸੇ ਜਲਦ ਮਿਲ ਜਾਣਗੇ। ਪਰ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਤੰਗ ਆ ਕੇ ਲੋਕਾਂ ਨੇ ਅੱਜ ਬੈਂਕ ਦਾ ਘਿਰਾਓ ਕੀਤਾ ਅਤੇ ਕਿਹਾ ਕਿ ਜੇ ਸਾਡੀ ਰਕਮ ਸਾਨੂੰ ਵਾਪਸ ਨਾ ਮਿਲੀ ਤਾਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ।
ਦੱਸ ਦਈਏ ਕਿ ਲੋਕਾਂ ਦੀ ਸ਼ਿਕਾਇਤ ਤੇ ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।