ਬਸੀ ਪਠਾਣਾ ਨੂੰ ਵਿਕਾਸ ਪੱਖੋਂ ਬਣਾਇਆ ਜਾਵੇਗਾ ਨਮੂਨੇ ਦਾ ਸ਼ਹਿਰ - MLA ਰੁਪਿੰਦਰ ਸਿੰਘ ਹੈਪੀ
ਦੀਦਾਰ ਗੁਰਨਾ
* ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸਹਿਯੋਗ ਦੇਣ ਬਸੀ ਪਠਾਣਾ ਨਿਵਾਸੀ
* ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਸੀ ਪਠਾਣਾ ਨਗਰ ਕੌਂਸਲ ਨੂੰ 13.44 ਲੱਖ ਰੁਪਏ ਕੀਮਤ ਦੇ ਪੰਜ ਈ. ਰਿਕਸ਼ਾ, ਇੱਕ ਫੌਗਿੰਗ ਮਸ਼ੀਨ ਤੇ ਪਾਣੀ ਦਾ ਟੈਂਕਰ ਮੁਹੱਈਆ ਕਰਵਾਇਆ
ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ, 20 ਫਰਵਰੀ 2025 - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਇਤਿਹਾਸਕ ਫੈਸਲੇ ਕੀਤੇ ਜਾ ਰਹੇ ਹਨ ਅਤੇ ਵਿਕਾਸ ਕੰਮਾਂ ਵਿੱਚ ਕਿਸੇ ਕਿਸਮ ਦੀ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਨਗਰ ਕੌਂਸਲ ਬਸੀ ਪਠਾਣਾ ਨੂੰ 13.44 ਲੱਖ ਰੁਪਏ ਦੀ ਕੀਮਤ ਦੇ 05 ਈ. ਰਿਕਸ਼ਾ, ਫੌਗਿੰਗ ਮਸ਼ੀਨ ਤੇ ਇੱਕ ਪਾਣੀ ਦਾ ਟੈਂਕਰ ਸੌਂਪਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੂੰ ਦਿੱਤੇ ਗਏ 05 ਈ. ਰਿਕਸ਼ਾ ਤੇ 08.50 ਲੱਖ ਰੁਪਏ, ਫੌਗਿੰਗ ਮਸ਼ੀਨ ਤੇ 2.55 ਲੱਖ ਰੁਪਏ ਅਤੇ ਟੈਂਕਰ ਤੇ 2.39 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਨੂੰ 6.22 ਲੱਖ ਰੁਪਏ ਦੀ ਕੀਮਤ ਦੀਆਂ 02 ਟਰਾਲੀਆਂ ਅਤੇ ਹੱਥ ਰੇਹੜੀਆਂ ਦਿੱਤੀਆਂ ਜਾ ਚੁੱਕੀਆਂ ਹਨ ਤਾਂ ਜੋ ਸ਼ਹਿਰ ਦੀ ਸਾਫ ਸਫਾਈ ਵਿੱਚ ਖੜੋਤ ਨਾ ਆ ਸਕੇ।
ਵਿਧਾਇਕ ਹੈਪੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸੀ ਸੋਚ ਸਦਕਾ ਬਸੀ ਪਠਾਣਾ ਹਲਕੇ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਸ ਇਤਿਹਾਸਕ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੂਬੇ ਦੇ ਕਈ ਭ੍ਰਿਸ਼ਟ ਵਿਅਕਤੀਆਂ ਨੂੰ ਜੇਲ੍ਹਾਂ ਅੰਦਰ ਡੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੇਰੋਜ਼ਗਾਰੀ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਅਧੀਨ ਹੁਣ ਤੱਕ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ 6000 ਹੋਰ ਨੌਕਰੀਆਂ ਦੇਣ ਲਈ ਕੈਬਨਿਟ ਵਿੱਚ ਮਨਜੂਰੀ ਦਿੱਤੀ ਗਈ ਹੈ।
ਹੈਪੀ ਨੇ ਬਸੀ ਪਠਾਣਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਘਰਾਂ ਵਿੱਚੋਂ ਕੂੜਾ ਇਕੱਤਰ ਕਰਨ ਲਈ ਡੋਰ ਟੂ ਡੋਰ ਆਉਣ ਵਾਲੇ ਵਾਹਨਾਂ ਨੂੰ ਗਿੱਲ੍ਹਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਦਿੱਤਾ ਜਾਵੇ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਆਪਣੇ ਘਰਾਂ ਦਾ ਕੂੜਾ ਸੜ੍ਹਕਾਂ ਤੇ ਸੁੱਟਣ ਤੋਂ ਗੁਰੇਜ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕੇ।
ਇਸ ਮੌਕੇ ਨਗਰ ਕੌਂਸਲ ਬਸੀ ਪਠਾਣਾ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ, ਕੌਂਸਲਰ ਤੇ ਲੇਬਰ ਬੋਰਡ ਦੇ ਮੈਂਬਰ ਰਾਜ ਪੁਰੀ, ਮੰਡੀ ਬੋਰਡ ਦੇ ਮੈਂਬਰ ਇੰਦਰਜੀਤ ਸਿੰਘ ਇੰਦਰੀ, ਸਪੋਰਟਸ ਵਿੰਗ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਟੂ, ਬਲਾਕ ਪ੍ਰਧਾਨ ਹਰਪ੍ਰੀਤ ਧੀਮਾਨ, ਸ਼ੋਸ਼ਲ ਮੀਡੀਆ ਇੰਚਾਰਜ ਅਮ੍ਰਿਤ ਬਾਜਵਾ, ਬਲਾਕ ਪ੍ਰਧਾਨ ਰਸ਼ਪਿੰਦਰ ਸਿੰਘ, ਨਗਰ ਕੌਂਸਲ ਬਸੀ ਪਠਾਣਾ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਪਰਮਿੰਦਰ ਸਿੰਘ ਸੱਲ੍ਹ, ਪ੍ਰੇਮ ਵਧਵਾ, ਪ੍ਰੀਤੀ ਅਰੋੜਾ, ਰਿੰਕੂ ਬਾਜਵਾ, ਇੰਦਰਵੀਰ ਸਿੰਘ ਚੱਢਾ, ਰਾਜਵੰਤ ਸਿੰਘ, ਕੌਂਸਲਰ ਅਰਵਿੰਦਰ ਕੌਰ, ਭਿੰਦਰ ਸਿੰਘ, ਮਨਪ੍ਰੀਤ ਸੋਮਲ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।