ਦਿੱਲੀ ਪੰਥਕ ਕਾਨਫਰੰਸ ’ਚ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਨੁਕਸਾਨ ਪਹੁੰਚਾਉਣ ਦੀ ਸਪਸ਼ਟ ਸਾਜ਼ਿਸ਼: ਅਕਾਲੀ ਦਲ
- ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੇ ਗਿਆਨੀ ਹਰਪ੍ਰੀਤ ਸਿੰਘ ’ਤੇ ਮਨਜਿੰਦਰ ਸਿੰਘ ਸਿਰਸਾ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਬਚਾਉਣ ਦਾ ਦੋਸ਼ ਲਗਾਇਆ
ਚੰਡੀਗੜ੍ਹ, 20 ਫਰਵਰੀ 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੇ ਅੱਜ ਕਿਹਾ ਕਿ ਅਖੌਤੀ ਪੰਥਕ ਕਨਵੈਨਸ਼ਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿਣ ’ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਜਪਾ ਦੇ ਇਸ਼ਾਰੇ ’ਤੇ ਨੁਕਸਾਨ ਪਹੁੰਚਾਉਣ ਦੀ ਡੂੰਘੀ ਸਾਜ਼ਿਸ਼ ਹੈ।
ਇਹਨਾਂ ਆਗੂਆਂ, ਜਿਹਨਾ ਨੇ ਇਸ ਮਾਮਲੇ ’ਤੇ ਇਕ ਪ੍ਰੈਸ ਕਾਨਫਰੰਸ ਕੀਤੀ, ਨੇ ਕਿਹਾ ਕਿ ਇਸ ਕਨਵੈਨਸ਼ਨ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਅਤੇ ਭਾਜਪਾ ਨਾਲ ਗਠਜੋੜ ਵਾਸਤੇ ਇਸਦੀ ਸਮਝੌਤੇ ਦੀ ਤਾਕਤ ਨੂੰ ਕਮਜ਼ੋਰ ਕਰਨਾ ਹੈ। ਉਹਨਾਂ ਕਿਹਾ ਕਿ ਭਾਜਪਾ ਲੰਬੇ ਸਮੇਂ ਤੋਂ ਸਿੱਖ ਪੰਥ ਦੇ ਜਥੇਦਾਰ ਸਾਹਿਬਾਨ ਨੂੰ ਆਪਣੇ ਵੱਲ ਖਿੱਚ ਰਹੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਇਸ ਯੋਜਨਾ ਨੂੰ ਸਫਲ ਬਣਾਉਣ ਵਾਸਤੇ ਭਾਜਪਾ ਦਾ ਸਾਥ ਦੇ ਰਹੇ ਹਨ।
ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੇ ਉਹ ਵੇਰਵੇ ਵੀ ਸਾਂਝੇ ਕੀਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਮੀਟਿੰਗ ਕੀਤੀ ਤੇ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਦੀ ਕਠਪੁਤਲੀ ਵਾਂਗੂ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਸਾਬਕਾ ਪ੍ਰਧਾਨਾਂ ਦੀ ਮੀਟਿੰਗ ਦਿੱਲੀ ਗੁਰਦੁਆਰਾ ਕਮੇਟੀ ਦਾ ਸਕੂਲ 500 ਕਰੋੜ ਰੁਪਏ ਵਿਚ ਵੇਚੇ ਜਾਣ ਦੇ ਮਾਮਲੇ ’ਤੇ ਸੱਦੀ ਸੀ। ਉਹਨਾਂ ਕਿਹਾ ਕਿ ਜਦੋਂ ਇਹ ਸਾਹਮਣੇ ਆਇਆ ਕਿ ਜੀ.ਕੇ. ਦੇ ਹਸਤਾਖ਼ਰ ਜਾਅਲੀ ਹਨ ਤੇ ਦਿੱਲੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੱਤਰ ਦੀ ਦੁਰਵਰਤੋਂ ਕੀਤੀ ਹੈ ਤਾਂ ਜਥੇਦਾਰ ਨੇ ਮਾਮਲੇ ਦੀ ਜਾਂਚ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ। ਉਹਨਾਂ ਕਿਹਾ ਕਿ ਕਿਉਂਕਿ ਸਿਰਸਾ ਮਾਮਲੇ ਵਿਚ ਸ਼ਾਮਲ ਸੀ, ਇਸ ਵਾਸਤੇ ਤਿੰਨ ਮੈਂਬਰੀ ਕਮੇਟੀ ਕਦੇ ਵੀ ਬਣਾਈ ਹੀ ਨਹੀਂ ਗਈ। ਉਹਨਾਂ ਕਿਹਾ ਕਿਹੁਣ ਵੀ ਦਿੱਲੀ ਵਿਚ ਜਿੱਤ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਿਰੋਪਾਓ ਦੇ ਕੇ ਸਿਰਸਾ ਦਾ ਸਨਮਾਨ ਕੀਤਾ ਹਾਲਾਂਕਿ ਸਿਰਸਾ ਖੁਦ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਹਾਜ਼ਰ ਸੀ ਜਿਸਨੂੰ ਪਤਿਤ ਕਹਿ ਕੇ ਪਾਸੇ ਕੀਤਾ ਗਿਆ।
ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਸੱਦਿਆ ਅਤੇ ਉਹਨਾਂ ਨੂੰ ਆਖਿਆ ਕਿ ਉਹ ਅਕਾਲੀ ਦਲ ਦੇ ਇਕ ਧੜੇ ਦੇ ਪ੍ਰਧਾਨ ਵਜੋਂ ਅਸਤੀਫਾ ਦੇਣ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਉਹ ਹੋਰਨਾਂ ਨੂੰ ਵੀ ਅਸਤੀਫਾ ਦੇਣ ਵਾਸਤੇ ਆਖ ਰਹੇ ਹਨ ਤਾਂ ਜੋ ਅਕਾਲੀ ਦਲ ਨੂੰ ਇਕਜੁੱਟ ਕਰ ਕੇ ਇਸਦਾ ਪ੍ਰਧਾਨ ਚੁਣਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਦਾ ਵਿਸ਼ਵਾਸ ਹਾਸਲ ਹੈ ਤੇ ਉਹ ਭਾਜਪਾ ਨਾਲ ਵੀ ਗਠਜੋੜ ਕਰਵਾਉਣਗੇ। ਸਰਦਾਰ ਸਰਨਾ ਨੇ ਕਿਹਾ ਕਿ ਉਹ ਕਿਸੇ ਵੀ ਸਮੇਂ ’ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਹੂਲਤ ਮੁਤਾਬਕ ਇਸ ਮਾਮਲੇ ’ਤੇ ਉਹਨਾਂ ਨਾਲ ਬਹਿਸ ਕਰਨ ਵਾਸਤੇ ਤਿਆਰ ਹਨ।
ਇਸ ਦੌਰਾਨ ਦੋਵਾਂ ਆਗੂਆਂ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੱਲ੍ਹ ਸੱਦੀ ਗਈ ਅਖੌਤੀ ਪੰਥਕ ਕਾਨਫਰੰਸ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਾਨਫਰੰਸ ਵਿਚ ਸ਼ਾਮਲ ਹੋਣ ਵਾਸਤੇ ਲੋਕ ਤਿਆਰ ਨਹੀਂ ਸਨ ਜਿਸ ਕਾਰਣ ਦਿੱਲੀ ਗੁਰਦੁਆਰਾ ਕਮੇਟੀ ਦੇ ਸਟਾਫ ਨੂੰ ਮਜਬੂਰਨ ਪ੍ਰੋਗਰਾਮ ਵਿਚ ਸੱਦਿਆ ਗਿਆ। ਉਹਨਾਂ ਕਿਹਾ ਕਿ ਐਨ ਐਸ ਏ ਤਹਿਤ ਬੰਦੀ ਬਣਾਏ ਲੋਕਾਂ ਅਤੇ ਬੰਦੀ ਸਿੰਘਾਂ ਜਿਹਨਾਂ ਦੀ ਰਿਹਾਈ ਦਾ ਕੇਂਦਰ ਸਰਕਾਰ ਨੇ 2019 ਵਿਚ ਵਾਅਦਾ ਕੀਤਾ ਸੀ, ਸਮੇਤ ਕੋਈ ਵੀ ਪੰਥਕ ਮੁੱਦਾ ਇਸ ਕਾਨਫਰੰਸ ਵਿਚ ਵਿਚਾਰਿਆ ਨਹੀਂ ਗਿਆ। ਉਹਨਾਂ ਕਿਹਾ ਕਿ ਨਾ ਹੀ ਅਮਰੀਕਾ ਤੋਂ ਡਿਪੋਰਟ ਕੀਤੇ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਲਾਹੁਣ ਬਾਰੇ ਕੋਈ ਗੱਲ ਕੀਤੀਗਈ ਤੇ ਨਾ ਹੀ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਾਂ ਵਿਚ ਸਰਕਾਰੀ ਦਖਲਅੰਦਾਜ਼ੀ ਦੀ ਕੋਈ ਗੱਲ ਕੀਤੀ ਗਈ।