ਗੈਰ-ਸੰਚਾਰੀ ਬਿਮਾਰੀਆਂ ਦੀ ਜਾਂਚ ਸਬੰਧੀ ਮੁਹਿੰਮ ਦੀ ਸ਼ੁਰੂਆਤ-ਸਿਵਲ ਸਰਜਨ
- ਮੁਹਿੰਮ ਦਾ ਮੁੱਖ ਮੰਤਵ 30 ਸਾਲ ਤੋਂ ਵੱਧ ਉਮਰ ਵਾਲੇ ਹਰ ਵਿਅਕਤੀ ਦੀ ਬਿਮਾਰੀਆਂ ਸਬੰਧੀ ਜਾਂਚ ਕਰਨਾ ਹੈ-ਡਾ. ਅਰਵਿੰਦਪਾਲ ਸਿੰਘ
ਸੰਜੀਵ ਜਿੰਦਲ
ਮਾਨਸਾ, 20 ਫਰਵਰੀ 2025 : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮੰਤਵ ਨਾਲ 20 ਫਰਵਰੀ ਤੋਂ 31 ਮਾਰਚ 2025 ਤੱਕ ਗੈਰ-ਸੰਚਾਰੀ ਬਿਮਾਰੀਆ ਪ੍ਰਤੀ ਜਾਂਚ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਆਯੂਸ਼ਮਾਨ ਅਰੋਗਿਆ ਕੇਂਦਰ ਪਿੰਡ ਠੂਠਿਆਂ ਵਾਲੀ ਤੋਂ ਸਿਵਲ ਸਰਜਨ ਮਾਨਸਾ ਡਾ. ਅਰਵਿੰਦਪਾਲ ਸਿੰਘ ਨੇ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ 30 ਸਾਲ ਤੋਂ ਵੱਧ ਉਮਰ ਦੀ ਹਰ ਵਿਅਕਤੀ ਦੀ ਦੇਖਭਾਲ ਗੈਰ ਸੰਚਾਰੀ ਬਿਮਾਰੀਆਂ ਪ੍ਰਤੀ (ਬੀਪੀ ਅਤੇ ਸ਼ੂਗਰ) ਹੈਲਥ ਚੈੱਕਅਪ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਨੂੰ ਕੋਈ ਵੀ ਗੈਰ-ਸੰਚਾਰੀ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸਨੂੰ ਬੀ.ਪੀ. ਅਤੇ ਸ਼ੂਗਰ ਦੀ ਦਵਾਈ ਉਸਦੇ ਘਰ ਦੇ ਨਜ਼ਦੀਕ ਆਯੂਸ਼ਮਾਨ ਅਰੋਗਿਆ ਕੇਂਦਰ ਤੋਂ ਮੁਹੱਈਆ ਕਰਵਾਈ ਜਾਵੇਗੀ।
ਗੈਰ ਸੰਚਾਰੀ ਬਿਮਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਾਲ 2016 ਵਿੱਚ ਸ਼ੁਰੂ ਹੋਇਆ। ਇਸ ਦਾ ਮੰਤਵ ਜਨ ਸਧਾਰਨ ਮੌਤਾ ਨੂੰ ਰੋਕਣਾ ਹੈ ਭਾਵੇਂ ਗੈਰ-ਸੰਚਾਰੀ ਬਿਮਾਰੀਆਂ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਨਹੀਂ ਲੱਗਦੀਆਂ ਪ੍ਰੰਤੂ ਇਹਨਾਂ ਦੀ ਮਾਰ ਵਿੱਚ ਆਉਣ ਕਰਕੇ ਮੌਤਾਂ ਜਰੂਰ ਹੁੰਦੀਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਗੈਰ-ਸੰਚਾਰੀ ਬਿਮਾਰੀ ਵਾਲੇ ਮਰੀਜ਼ਾਂ ਦੇ ਇਲਾਜ ਨੂੰ ਚੰਗੀ ਤਰ੍ਹਾਂ ਚਲਾਉਣਾ, ਤਾਂ ਜੋ ਇਨ੍ਹਾਂ ਮਰੀਜ਼ਾਂ ਦਾ ਸਹੀ ਸਮੇਂ ’ਤੇ ਇਲਾਜ ਹੋ ਸਕੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਵਿੱਚ ਹਾਈਪਰਟੈਨਸ਼ਨ (ਬਲੱਡ ਪ੍ਰੈੱਸਰ), ਕੈਂਸਰ, ਸ਼ੂਗਰ ,ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਡਾਟਾ ਇਸ ਪੋਰਟਲ ’ਤੇ ਅਪਲੋਡ ਕਰਨ ਨਾਲ ਇਨ੍ਹਾਂ ਮਰੀਜ਼ਾਂ ਦੀ ਮੈਨੇਜਮੈਂਟ ਵਿਚ ਸਿਹਤ ਵਿਭਾਗ ਦੇ ਨਾਲ-ਨਾਲ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ, ਸੰਦੀਪ ਸਿੰਘ ਸੁਪਰਡੈਂਟ, ਮਨਦੀਪ ਕੌਰ ਸੀ.ਐਚ.ਓ. ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।