ਪੀ ਏ ਯੂ ਵਿੱਚ ‘ਰਾਜ ਪੱਧਰੀ ਸੁਰਜੀਤ ਪਾਤਰ ਕਲਾ ਉਤਸਵ’ 24 ਤੋਂ 26 ਫਰਵਰੀ ਤੱਕ ਹੋਵੇਗਾ
-ਉਦਘਾਟਨ ਸ਼੍ਰੀਮਤੀ ਪਾਤਰ ਕਰਨਗੇ ਅਤੇ ਮੁੱਖ ਮਹਿਮਾਨ ਸਭਿਆਚਾਰਕ ਮੰਤਰੀ ਸੌਂਦ ਹੋਣਗੇ-
ਲੁਧਿਆਣਾ: 20.02.2025 - ਪੰਜਾਬ ਕਲਾ ਪਰਿਸ਼ਦ (ਪੰਜਾਬ ਸਰਕਾਰ) ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪੰਜਾਬ ਨਵ ਸਿਰਜਣਾ ਮਹਾਂ ਉਤਸਵ ਦੇ ਹਿੱਸੇ ਵਜੋਂ 24 ਤੋਂ 26 ਫਰਵਰੀ ਤੱਕ ‘ਰਾਜ ਪੱਧਰੀ ਸੁਰਜੀਤ ਪਾਤਰ ਕਲਾ ਉਤਸਵ’ ਆਯੋਜਿਤ ਕੀਤਾ ਜਾਵੇਗਾ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਹੋ ਰਹੇ ਇਸ ਉਤਸਵ ਦੇ ਮੁੱਖ ਮਹਿਮਾਨ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮੰਤਰੀ ਸ. ਤਰੁਣਦੀਪ ਸਿੰਘ ਸੌਂਦ ਹੋਣਗੇ ।ਉਤਸਵ ਦਾ ਉਦਘਾਟਨ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਕਰਨਗੇ ਜਦੋਂ ਕਿ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ ਵੱਲੋਂ ਮਹਿੰਦਰ ਸਿੰਘ ਰੰਧਾਵਾ, ਸੁਰਜੀਤ ਪਤਰ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਚੱਲ ਰਹੀ ਪ੍ਰੋਗਰਾਮਾਂ ਦੀ ਲੜੀ ਅਧੀਨ ਹੋ ਰਹੇ ਇਸ ਪ੍ਰੋਗਰਾਮ ਵਿੱਚ ਸਾਹਿਤ ,ਸੰਗੀਤ, ਨਾਟਕ ਅਤੇ ਲੋਕ ਨਾਚ ਪੇਸ਼ ਕੀਤੇ ਜਾਣਗੇ ।ਡਾ ਨਿਰਮਲ ਜੌੜਾ ਨੇ ਕਿਹਾ ਕਿ ਇਸ ਉਤਸਵ ਵਿੱਚ ਪੰਜਾਬ ਰਾਜ ਤੋਂ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਆਪਣੇ ਹੁਨਰ ਦਾ ਪ੍ਰਗਾਵਾ ਕਰਨਗੇ। ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ 24 ਫਰਵਰੀ ਨੂੰ ਸਵੇਰੇ ਕੋਮਲ ਅਤੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਸ਼ੁਰੂ ਹੋਣਗੇ ਅਤੇ ਕਲਾਕਾਰ ਸੁਖਪ੍ਰੀਤ ਸਿੰਘ ਦੀਆਂ ਪੰਜਾਬ ਦੇ ਜਨ ਜੀਵਨ ਅਧਾਰਤ ਬਣਾਈਆਂ ਕਲਾ ਕ੍ਰਿਤਾਂ ਦੀ ਪ੍ਰਦਸ਼ਨੀ ਲੱਗੇਗੀ ।ਇਸੇ ਦਿਨ ਦੁਪਹਿਰੇ ਅੰਤਰ ਕਾਲਜ ਕਾਵਿ ਉਚਾਰਨ ਮੁਕਾਬਲੇ ਹੋਣਗੇ।ਪੰਜਾਬ ਦੀ ਨੌਜਵਾਨ ਪੀੜੀ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਵੰਗਾਰਾਂ ਤੇ ਚਰਚਾ ਹਿੱਤ ਪ੍ਰੋਗਰਾਮ ‘ਜੀਵੇ ਜਵਾਨੀ’ 25 ਫਰਵਰੀ ਨੂੰ ਹੋਵੇਗਾ ਜਿਸ ਦੇ ਮੁੱਖ ਮਹਿਮਾਨ ਕਾਫਲਾ ਜੀਵੇ ਪੰਜਾਬ ਦੇ ਸੰਚਾਲਕ ਗੁਰਪ੍ਰੀਤ ਸਿੰਘ ਤੂਰ ਹੋਣਗੇ ਅਤੇ ਪ੍ਰਧਾਨਗੀ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ ਕਰਨਗੇ ਜਦੋਂ ਕਿ ਮੁੱਖ ਭਾਸ਼ਣ ਉਘੇ ਲੇਖਕ ਅਤੇ ਚਿੰਤਕ ਅਮਰਜੀਤ ਗਰੇਵਾਲ ਦੇਣਗੇ।ਇਸੇ ਦਿਨ ਵਿਰਾਸਤੀ ਜਾਣਕਾਰੀ ਭਰਪੂਰ ਪ੍ਰਸ਼ਨੋਤਰੀ ਹੋਵੇਗੀ ਅਤੇ ਨਾਟਿਯਮ ਸੰਸਥਾ ਵੱਲੋਂ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਵਿੱਚ ਪੰਜਾਬੀ ਨਾਟਕ ‘ਮਾਈਨਸ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ’ ਪੇਸ਼ ਕੀਤਾ ਜਾਵੇਗਾ ।ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਉਤਸਵ ਦੇ ਆਖਰੀ ਦਿਨ 26 ਫਰਵਰੀ ਨੂੰ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮੰਤਰੀ ਸ ਤਰੁਣਦੀਪ ਸਿੰਘ ਸੌਂਦ ਹੋਣਗੇ ।ਇਸ ਦਿਨ ਵਾਰ ਅਤੇ ਕਵੀਸ਼ਰੀ ਦੇ ਮੁਕਾਬਲੇ ਹੋਣਗੇ, ਸੁਰਜੀਤ ਪਾਤਰ ਦੀ ਸ਼ਾਇਰੀ ਦਾ ਗਾਇਨ ਹੋਵੇਗਾ ਅਤੇ ਵੱਖ ਵੱਖ ਕਾਲਜਾਂ ਵਿਦਿਆਰਥੀ ਲੁੱਡੀ, ਝੁੰਮਰ, ਮਲਵਈ ਗਿੱਧਾ ਅਤੇ ਸੰਮੀ ਲੋਕ ਨਾਚ ਪੇਸ਼ ਕਰਨਗੇ ।ਆਰਟਿਸਟ ਸੁਖਪ੍ਰੀਤ ਸਿੰਘ ਵੱਲੋਂ ਦਰਸ਼ਕਾਂ ਦੇ ਸਾਹਮਣੇ ਲਾਈਵ ਡਾ ਸੁਰਜੀਤ ਪਾਤਰ ਦੀ ਪੇਟਿੰਗ ਤਿਆਰ ਕੀਤੀ ਜਾਵੇਗੀ ।