ਮਦਰਸਾ ਅਰਬੀਆ ਹਿਫਜੁਲ ਕੁਰਾਆਨ ਦੇ ਸਲਾਨਾ ਇਨਾਮ ਵੰਡ ਸਮਾਗਮ ਮੌਕੇ ਹਾਫਿਜ ਏ ਕੁਰਾਨ ਬਣਨ ਵਾਲੇ ਬੱਚਿਆਂ ਦੀ ਕੀਤੀ ਗਈ ਦਸਤਾਰਬੰਦੀ
- ਮਦਰਸਿਆਂ ਵਿੱਚ ਦੀਨੀ ਪੜ੍ਹਾਈ ਦੇ ਨਾਲ ਨਾਲ ਦੁਨੀਆਂ ਵੀ ਪੜ੍ਹਾਈ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ-ਲਤੀਫ ਅਹਿਮਦ ਥਿੰਦ
- ਹਜ਼ਰਤ ਮੁਹੰਮਦ ਸਲ.ਫਰਮਾਉਂਦੇ ਹਨ ਕਿ ਤੁਹਾਡੇ ਵਿੱਚ ਸਭ ਤੋਂ ਵਧੀਆ ਬੰਦਾ ਉਹ ਹੈ ਜੋ ਕੁਰਾਨ ਨੂੰ ਸਿੱਖੇ ਯਾ ਸਿਖਾਵੇ-ਹਜ਼ਰਤ ਮੁਫਤੀ ਮੁਹੰਮਦੀ ਯੂਸਫ ਕਾਸਮੀ
- ਦੀਨ ਦੀ ਬਕਾ ਹੀ ਇਹਨਾਂ ਦੀਨੀ ਤਾਲੀਮੀ ਅਦਾਰਿਆਂ ਦੀ ਵਜਹਾ ਕਰਕੇ ਹੈ-ਮੁਫਤੀ ਇਰਤਕਾ ਉਲ ਹਸਨ
- ਦਸਤਾਰਬੰਦੀ ਅਤੇ ਸਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ,13 ਫਰਵਰੀ 2025 - ਪੰਜਾਬ ਦੇ ਸਭ ਤੋਂ ਵੱਡੇ ਇਸਲਾਮੀ ਵਿੱਦਿਆਕ ਅਦਾਰੇ ਜਾਮੀਆ ਮਦਰਸਾ ਅਰਬੀਆ ਹਿਫਜੁਲ ਕੁਰਾਆਨ ਦਾ ਸਲਾਨਾ ਇਨਾਮ ਵੰਡ ਅਤੇ ਦਸਤਾਰਬੰਦੀ ਸਮਾਗਮ ਮਦਰਸਾ ਕੈਂਪਸ ਵਿਖੇ ਦਾਰੁਲ ਉਲੂਮ ਦਿਓਬੰਦ ਦੇ ਉਸਤਾਦ ਹਜ਼ਰਤ ਮੁਫਤੀ ਮੁਹੰਮਦੀ ਯੂਸਫ ਕਾਸਮੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਨਾਬ ਲਤੀਫ ਅਹਿਮਦ ਥਿੰਦ ਸੀਈਓ ਪੰਜਾਬ ਵਕਫ ਬੋਰਡ ,ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ,ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੇੇ ਪੀ.ਏ ਹਜ਼ਰਤ ਮੌਲਾਨਾ ਮੁਸਤਾਕੀਮ ਤਸ਼਼ਰੀਫ ਲਿਆਏ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਮਦਰਸੇ ਦੇ ਪ੍ਰਬੰਧਕ ਮੌਲਾਨਾ ਅਬਦੁਲ ਸੱਤਾਰ, ਮੁਫਤੀ ਅਬਦੁਲ ਰਜ਼ਾਕ ਸਾਹਿਬ ਅਤੇ ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਇਸ ਸਾਲ ਮਦਰਸੇ ਵਿੱਚ ਕੁਰਾਨ ਏ ਪਾਕ ਨੂੰ ਜੁਬਾਨੀ ਯਾਦ ਕਰਨ ਵਾਲੇ 13 ਬੱਚਿਆਂ ਦੀ ਜਿੱਥੇ ਦਸਤਾਰਬੰਦੀ ਕੀਤੀ ਗਈ ਉਥੇ ਹੀ ਆਲਮੀਅਤ ਦੇ ਨਤੀਜੇ ਅਤੇ ਸਾਲਾਨਾ ਕਲਾਸਾਂ ਦੇ ਪਹਿਲੀ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਨਤੀਜਿਆ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਇਨਾਮਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ ਇਸ ਮੌਕੇ ਤੇ ਨਵੇਂ ਬਣੇ ਹਾਫਿਜਾਂ ਅਤੇੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਲਈ ਇਹ ਹਾਫਿਜ ਅਤੇ ਆਲਿਮ ਬਣ ਰਹੇ ਬੱਚੇ ਆਖਰਤ ਦਾ ਜਖੀਰਾ ਹਨ।
ਇਸ ਮੌਕੇ ਤੇ ਮੁੱਖ ਮਹਿਮਾਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਕਤਬਾ ਅਤੇ ਮਦਰਸੇ ਹੀ ਹਨ ਜਿਨਾਂ ਨੇ ਦੀਨੀ ਤਾਲੀਮ ਨੂੰ ਬਚਾ ਕੇ ਰੱਖਿਆ ਹੋਇਆ ਹੈ । ਉਹਨਾਂ ਕਿਹਾ ਕਿ ਤਾਲੀਮ ਇੱਕ ਐਸਾ ਗਹਿਣਾ ਹੈ ਜਿਸ ਨੂੰ ਕੋਈ ਵੀ ਚੋਰੀ ਨਹੀਂ ਕਰ ਸਕਦਾ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਦੁਨੀਆਵੀ ਤਾਲੀਮ ਦੇ ਨਾਲ ਨਾਲ ਦੀਨੀ ਤਾਲੀਮ ਦਾ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਦਿਲਵਾਉਣੀ ਚਾਹੀਦੀ ਹੈ । ਉਹਨਾਂ ਕਿਹਾ ਹਜ਼ਰਤ ਮੁਹੰਮਦ ਸਲ.ਫਰਮਾਉਂਦੇ ਹਨ ਕਿ ਤੁਹਾਡੇ ਵਿੱਚ ਸਭ ਤੋਂ ਵਧੀਆ ਬੰਦਾ ਉਹ ਹੈ ਜੋ ਕੁਰਾਨ ਨੂੰ ਸਿੱਖੇ ਯਾ ਸਿਖਾਵੇ।
ਇਸ ਮੌਕੇ ਤੇ ਉਨਾਂ ਨੇ ਮਦਰਸਾ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਇਹ ਕੰਮ ਕੋਈ ਆਸਾਨ ਨਹੀਂ ਬੇਸ਼ੱਕ ਉਹਨਾਂ ਦੀ ਮਿਹਨਤ ਅੱਗੇ ਇਹ ਆਸਾਨ ਹੋ ਜਾਵੇਗਾ ਇਸ ਲਈ ਕਿਸੇ ਵੀ ਸਮੇਂ ਘਬਰਾਉਣਾ ਨਹੀਂ, ਹਿੰਮਤ ਨਾਲ ਇਸ ਕੰਮ ਨੂੰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਦੀਨ ਦੀ ਬਕਾ ਹੀ ਇਹਨਾਂ ਤਾਲੀਮੀ ਅਦਾਰਿਆਂ ਦੀ ਵਜਹਾ ਕਰਕੇ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਸਲਾਮ ਵਿੱਚ ਸਭ ਤੋਂ ਜਿਆਦਾ ਜੋਰ ਅਖਲਾਕ ਦੇ ਉੱਤੇ ਦਿੱਤਾ ਗਿਆ ਹੈ ਇਸ ਲਈ ਸਾਨੂੰ ਇਸ ਤਾਲੀਮ ਵਿੱਚ ਅਜਿਹੀਆਂ ਮਦਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਜਿਸ ਨਾਲ ਬੱਚਿਆਂ ਦੇ ਅਖਲਾਕ ਵੀ ਉੱਚ ਦਰਜੇ ਦੇ ਬਣਨ ।
ਇਸ ਪ੍ਰੋਗਰਾਮ ਵਿੱਚ ਮਕਤਬ ਦੇ ਹੋਣਹਾਰ ਬੱਚਿਆਂ ਵੱਲੋਂ ਇਸਲਾਮੀ ਨੌਲੇਜ ਨਾਲ ਸੰਬੰਧਿਤ ਜਿੱਥੇ ਦੀਨੀ ਪ੍ਰੋਗਰਾਮ ਪੇਸ਼ ਕੀਤੇ ਗਏ ਉਥੇ ਹੀ ਇਹਨਾਂ ਬੱਚਿਆਂ ਵੱਲੋਂ ਮੌਜੂਦਾ ਚਲੰਤ ਮਾਮਲਿਆਂ ਬਾਰੇ ਵਿਚਾਰ ਚਰਚਾ ਕਰਕੇ ਲੋਕਾਂ ਦਾ ਧਿਆਨ ਇਸਲਾਮ ਤੋਂ ਹੋ ਰਹੀ ਦੂਰੀ ਬਾਰੇ ਚਲੰਤ ਮਸਲਿਆਂ ਵੱਲ ਖਿਚਿਆ ਗਿਆ। ਸਮਾਗਮ ਦੇ ਆਖਿਰ ਵਿੱਚ ਆਏ ਮਹਿਮਾਨਾਂ ਵੱਲੋਂ ਵਿੱਚ ਇਸ ਸਾਲ ਪੁਰਾਣੇ ਭਾਗ ਨੂੰ ਸੀਖਸ ਕਰਨ ਵਾਲੇ ਤਲਬਾ ਅਤੇ ਆਲਮੀਅਤ ਦੀ ਤਾਲੀਮ ਹਾਸਲ ਕਰ ਰਹੇ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਤਾਲਬੇ ਇਲਮਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਜਨਾਬ ਲਤੀਫ ਅਹਿਮਦ ਥਿੰਦ ਸੀਈਓ ਪੰਜਾਬ ਕਬ ਬੋਰਡ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਮਦਰਸਿਆਂ ਵਿੱਚ ਦੀਨੀ ਪੜ੍ਹਾਈ ਦੇ ਨਾਲ ਨਾਲ ਦੁਨੀਆਂ ਵੀ ਪੜ੍ਹਾਈ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਪੀਸੀਐਸ ਅਤੇ ਆਈਪੀਐਸ ਅਤੇ ਹੋਰ ਡਿਗਰੀਆਂ ਵਾਲੇ ਕੋਰਸ ਵੀ ਬਿਲਾ ਝਿਜਕ ਕਰ ਸਕਣ ।ਇਸ ਮੌਕੇ ਤੇ ਮਾਸਟਰ ਮੁਹੰਮਦ ਨਜ਼ੀਰ,ਇੰਸਪੈਕਟਰ ਸ਼ਮਸ਼ਾਦ ਅਲੀ ਰਿਟਾਇਰਡ ਪੀਸੀਐਸ,ਚੌਧਰੀ ਉਮਰ ਦੀਨ ,ਮੌਲਾਨਾ ਅਬਦੁਲ ਸੱਤਾਰ ਇਮਾਮ ਤੇ ਖਤੀਬ ਜਮਾ ਮਸਜਿਦ, ਹਾਫਿਜ ਮੁਹੰਮਦ ਮਕਬੂਲ,ਮੁਫ਼ਤੀ ਦਿਲਸ਼ਾਦ ਕਾਸਮੀ, ਮੁਫ਼ਤੀ ਵਕੀਲ ਅਹਿਮਦ, ਮੁਫਤੀ ਨੂਰ ਮੁਹੰਮਦ, ਮੁਫਤੀ ਕਮਰੂਦੀਨ, ਕਾਰੀ ਮੁਹੰਮਦ ਯਾਮੀਨ,ਕਾਰੀ ਮੁਹੰਮਦ ਅਲੀ ਆਦਿ ਸਮੇਤ ਹੋਰ ਉਸਤਾਦ ਅਤੇ ਵੱਡੀ ਗਿਣਤੀ ਵਿੱਚ ਹੋਰ ਲੋਕ ਵੀ ਹਾਜ਼ਰ ਸਨ।