ਜ਼ਮੀਨੀ ਸੰਗਰਾਮ ਕਾਨਫਰੰਸ ਦੌਰਾਨ ਲਾਮਿਸਾਲ ਇਕੱਠ ਵੱਲੋਂ ਜਿਉਂਦ ਮੋਰਚਾ ਜਿੱਤ ਤੱਕ ਲੜਨ ਦਾ ਅਹਿਦ
ਅਸ਼ੋਕ ਵਰਮਾ
ਰਾਮਪੁਰਾ ਫੂਲ ,13 ਫਰਵਰੀ 2025: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋ ਪਿੰਡ ਜਿਉਂਦ 'ਚ ਜੱਦੀ ਪੁਸ਼ਤੀ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਮਾਲਕੀ ਹੱਕ ਮੁਜਾਰੇ ਕਿਸਾਨਾਂ ਤੋਂ ਖੋਹਣ ਵਿਰੁੱਧ ਅੱਜ ਦੀ ਜ਼ਮੀਨੀ ਸੰਗਰਾਮ ਕਾਨਫਰੰਸ ਭਰਵੀਂ ਭਰਾਤਰੀ ਹਮਾਇਤ ਸਮੇਤ ਹਾਕਮਾਂ ਲਈ ਚੁਣੌਤੀ ਹੋ ਨਿੱਬੜੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਔਰਤਾਂ ਨੇ ਜਿਉਂਦ ਜਮੀਨੀ ਮੋਰਚਾ ਆਖਰੀ ਜਿੱਤ ਤੱਕ ਲੜਨ ਦਾ ਅਹਿਦ ਲਿਆ ।ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਿਉਂਦ ਜ਼ਮੀਨੀ ਘੋਲ ਸਿਰਫ ਜਿਉਂਦ ਦੇ ਮੁਜ਼ਾਰੇ ਕਿਸਾਨਾਂ ਦਾ ਹੀ ਨਹੀਂ ਬਲਕਿ ਪੰਜਾਬ ਪੱਧਰਾ ਘੋਲ ਬਣ ਚੁੱਕਿਆ ਹੈ ਕਿਉਂਕਿ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਵੱਖ ਵੱਖ ਸਾਮਰਾਜੀ ਕਾਰਪੋਰੇਟਾਂ ਦੇ ਦਿਓਕੱਦ ਖੇਤੀ ਫਾਰਮ ਉਸਾਰਨ ਦੀ ਤਾਕ ਵਿੱਚ ਹਨ।
ਉਹਨਾਂ ਕਿਹਾ ਕਿ ਕਦੀ ਦੁੱਨੇਵਾਲਾ, ਕਦੀ ਲੇਲੇ ਵਾਲਾ, ਕਦੀ ਝਨੇੜੀ ਤੇ ਹੁਣ ਅਦਾਲਤੀ ਹੁਕਮਾਂ ਦੇ ਬਹਾਨੇ ਹੇਠ ਧਾੜਵੀ ਬਣ ਕੇ ਸਿੱਧਾਂ ਹਮਲਾ ਜਿਉਂਦ ਦੀ ਲੱਗਭਗ ਸੱਤ ਸੌ ਏਕੜ ਜ਼ਮੀਨ 'ਤੇ ਬੋਲਿਆ ਗਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਇਹ ਹਮਲਾ ਤੁਰੰਤ ਡਟਵੇਂ ਜਥੇਬੰਦਕ ਵਿਰੋਧ ਰਾਹੀਂ ਰੋਕ ਦਿੱਤਾ ਪ੍ਰੰਤੂ ਪੰਜਾਬ ਦੇ 800 ਦੇ ਕਰੀਬ ਪਿੰਡਾਂ ਦੀਆਂ ਜੱਦੀ ਪੁਸ਼ਤੀ ਕਬਜ਼ੇ ਹੇਠਲੀਆਂ ਅਜਿਹੀਆਂ ਇੱਕ ਲੱਖ ਏਕੜ ਤੋਂ ਵੱਧ ਜ਼ਮੀਨਾਂ ਤੋਂ ਇਲਾਵਾ ਪੂਰੇ ਦੇਸ਼ ਵਿੱਚ ਕਰੋੜਾਂ ਏਕੜ ਜ਼ਮੀਨਾਂ ਖਤਰੇ ਹੇਠ ਹਨ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਮੰਡੀਕਰਨ ਨੀਤੀ ਖਰੜੇ ਦਾ ਨਿਸ਼ਾਨਾ ਵੀ ਫ਼ਸਲਾਂ ਦੀ ਅੰਨ੍ਹੀ ਲੁੱਟ ਜਰ੍ਹੀਏ ਜ਼ਮੀਨਾਂ ਹਥਿਆਉਣ ਰਾਹੀਂ ਪੂਰੇ ਦੇਸ਼ ਵਿੱਚ ਦਿਓਕੱਦ ਕਾਰਪੋਰੇਟ ਖੇਤੀ ਫਾਰਮ ਉਸਾਰਨ ਵੱਲ ਸੇਧਤ ਹੈ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਨਿੱਜੀਕਰਨ ਵਪਾਰੀਕਰਨ ਸੰਸਾਰੀਕਰਨ ਦੇ ਸਾਮਰਾਜੀ ਹਮਲੇ ਤਹਿਤ ਸਾਰੇ ਜਨਤਕ ਅਦਾਰੇ ਵੀ ਕਾਰਪੋਰੇਟਾਂ ਹਵਾਲੇ ਕਰਕੇ ਸਮੁੱਚੇ ਕਿਰਤੀ ਲੋਕਾਂ ਦਾ ਆਰਥਿਕ ਕਚੂੰਬਰ ਕੱਢਣ ਵੱਲ ਸੇਧਤ ਹੈ। ਭਰਾਤਰੀ ਜਥੇਬੰਦੀਆਂ ਦੇ ਬੁਲਾਰਿਆਂ ਸਮੇਤ ਮੌਜੂਦਾ ਮੋਰਚੇ ਦੀਆਂ ਮੰਗਾਂ 1948 ਦੇ ਨੋਟੀਫਿਕੇਸ਼ਨ ਤਹਿਤ 117 ਸਾਲ ਤੋਂ ਵੱਧ ਜ਼ਮੀਨਾਂ 'ਤੇ ਕਾਬਜ਼ ਜਿਉਂਦ ਦੇ ਮੁਜ਼ਾਰੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ 20 ਜਨਵਰੀ ਨੂੰ ਸ਼ਾਂਤਮਈ ਵਿਰੋਧਕਾਰੀਆਂ ਉੱਤੇ ਮੜ੍ਹੇ ਝੂਠੇ ਕੇਸ ਰੱਦ ਕੀਤੇ ਜਾਣ ਦੀ ਮੰਗ ਉੱਤੇ ਜ਼ੋਰ ਦਿੱਤਾ ਗਿਆ। ਪੰਜਾਬ ਸਮੇਤ ਪੂਰੇ ਭਾਰਤ ਵਿੱਚ ਅਜਿਹੇ ਮੁਜਾਰੇ ਕਿਸਾਨਾਂ, ਅਬਾਦਕਾਰ ਕਿਸਾਨਾਂ ਅਤੇ ਦਹਾਕਿਆਂ ਤੋਂ ਸਰਕਾਰੀ ਨਜ਼ੂਲ ਜ਼ਮੀਨਾਂ ਉੱਤੇ ਕਾਸ਼ਤਕਾਰ/ਰਿਹਾਇਸ਼ੀ ਕਿਸਾਨਾਂ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਔਰਤ ਆਗੂ ਹਰਿੰਦਰ ਬਿੰਦੂ ਨੇ ਜ਼ਮੀਨੀ ਘੋਲ਼ ਚ ਔਰਤਾਂ ਦੇ ਮਹੱਤਵ ਬਾਰੇ ਦੱਸਿਆ ਕਿ ਔਰਤਾਂ ਦੇ ਸਾਥ ਬਿਨਾਂ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ।
ਅੱਜ ਦੀ ਸਟੇਜ ਤੋਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਡਾਕਟਰ ਨਵਸ਼ਰਨ, ਡਾਕਟਰ ਪ੍ਰਮਿੰਦਰ ਸਿੰਘ, ਕੰਵਲਜੀਤ ਸਿੰਘ ਹਰਿਆਣਾ ਬੀ ਕੇ ਯੂ ਉਗਰਾਹਾਂ, ਸਾਬਕਾ ਸੈਨਿਕਾਂ ਦੇ ਆਗੂ ਪ੍ਰਗਟ ਸਿੰਘ,ਠੇਕਾ ਮੁਲਾਜ਼ਮਾਂ ਵੱਲੋਂ ਵਰਿੰਦਰ ਸਿੰਘ ਮੋਮੀ, ਲਛਮਣ ਸਿੰਘ ਸੇਵੇਵਾਲਾ, ਮਨਜੀਤ ਸਿੰਘ ਧਨੇਰ ਬੀਕੇਯੂ ਡਕੌਂਦਾ,ਨਿਰਭੈ ਸਿੰਘ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ, ਰੂਲਦੂ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ, ਜਗਸੀਰ ਸਿੰਘ ਮਹਿਰਾਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਭਗਵੰਤ ਸਿੰਘ ਸਮਾਓ ਮਜ਼ਦੂਰ ਮੁਕਤੀ ਮੋਰਚਾ ਅਜ਼ਾਦ, ਸ਼ੇਰ ਸਿੰਘ ਫਰਵਾਹੀ, ਬਲਕਰਨ ਸਿੰਘ ਬਰਾੜ ਕੁੱਲ ਹਿੰਦ ਕਿਸਾਨ ਸਭਾ,ਕਟਾਰ ਸਿੰਘ ਕਰਮਚਾਰੀ ਯੂਨੀਅਨ ਸਜ਼ੂਕੀ ਮਰੂਤੀ, ਅਮੋਲਕ ਸਿੰਘ ਪੰਜਾਬੀ ਲੋਕ ਸਭਿਆਚਾਰਕ ਮੰਚ, ਅਵਤਾਰ ਸਿੰਘ ਮਹਿਮਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਦਿਗਵਿਜੇ ਪਾਲ ਡੀਟੀਐਫ, ਪ੍ਰਕਾਸ਼ ਸਿੰਘ ਨੰਦਗੜ੍ਹ ਦਿਹਾਤੀ ਮਜ਼ਦੂਰ ਸਭਾ, ਸੁਖਦੇਵ ਸਿੰਘ ਭੂੰਦੜੀ ਪੇਂਡੂ ਮਜ਼ਦੂਰ ਯੂਨੀਅਨ, ਹੁਸ਼ਿਆਰ ਸਿੰਘ ਸਲੇਮਗੜ੍ਹ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਮਨਜਿੰਦਰ ਸਰਾਂ ਨੇ ਵੀ ਸੰਬੋਧਨ ਕੀਤਾ।