ਅਜੈਵੀਰ ਸਿੰਘ ਲਾਲਪੁਰਾ ਨੇ 5 ਲੱਖ ਦੀ ਲਾਗਤ ਨਾਲ ਬਣਵਾਈ ਅੱਖਾਂ ਦੀ ਆਧੁਨਿਕ ਜਾਂਚ ਮਸ਼ੀਨ ਲੋਕ ਅਰਪਣ ਕੀਤੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 13 ਫਰਵਰੀ 2025: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਇਨਸਾਨੀਅਤ ਪਹਿਲਾਂ ਦੇ ਮੁਖੀ ਅਜੈਵੀਰ ਸਿੰਘ ਲਾਲਪੁਰਾ ਨੇ ਡੇਢ ਕਰੋੜ ਦੀ ਲਾਗਤ ਨਾਲ ਤਿਆਰ ਕਰਵਾਈ ਅੱਖਾਂ ਤੇ ਸਿਹਤ ਜਾਂਚ ਮੋਬਾਈਲ ਬੱਸ ਮਗਰੋਂ 5 ਲੱਖ ਦੀ ਲਾਗਤ ਨਾਲ ਤਿਆਰ ਕਰਵਾਈ ਅੱਖਾਂ ਦੀ ਜਾਂਚ ਲਈ ਆਧੁਨਿਕ ਰਿਫੈਕਟੋਮੀਟਰ ਮਸ਼ੀਨ ਦਾ ਲੋਕ ਅਰਪਣ ਕੀਤਾ। ਉਨ੍ਹਾਂ ਦੱਸਿਆ ਕਿ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਰਾਹੀਂ ਉਹ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ, ਅਤੇ ਇਹ ਮਸ਼ੀਨ ਹੁਣ ਕੈਂਪਾਂ ਵਿਚ ਲੋਕਾਂ ਦੀ ਆਧੁਨਿਕ ਤਰੀਕੇ ਨਾਲ ਤੁਰੰਤ ਜਾਂਚ ਕਰੇਗੀ,ਜਿਸ ਨਾਲ ਅੱਖਾਂ ਦਾ ਸਟੀਕ ਨੰਬਰ ਵੀ ਮੌਕੇ 'ਤੇ ਹੀ ਪਤਾ ਲੱਗ ਸਕੇਗਾ।
ਇਸ ਦੇ ਨਾਲ ਹੀ ਮੁਫ਼ਤ ਦਵਾਈਆਂ ਦਾ ਫੁੱਲ ਕੋਰਸ ਵੀ ਦਿੱਤਾ ਜਾਂਦਾ ਹੈ ਜਦੋਂ ਕਿ ਵਧੀਆ ਕੁਆਲਿਟੀ ਦੀਆਂ ਐਨਕਾਂ ਕੈਂਪ ਵਿਚ ਮਾਹਿਰਾਂ ਵਲੋਂ ਨੰਬਰ ਜਾਂਚਣ ਤੋਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕੈਂਪਾਂ ਵਿਚ ਯੋਗ ਪਾਏ ਜਾਂਦੇ ਮਰੀਜ਼ਾਂ ਦਾ ਮੁਫ਼ਤ ਆਪ੍ਰੇਸ਼ਨ ਸਮਰੱਥਾ ਅਨੁਸਾਰ ਸੰਸਥਾ ਵਲੋਂ ਕਰਵਾਇਆ ਜਾਂਦਾ ਹੈ ਤੇ ਇਸ ਮਹੀਨੇ ਸਾਡੀ ਸੰਸਥਾ 80 ਦੇ ਕਰੀਬ ਮਰੀਜ਼ਾਂ ਦਾ ਆਪ੍ਰੇਸ਼ਨ ਕਰਵਾਉਣ ਜਾ ਰਹੀ ਹੈ। ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਦੀ ਮਿਹਰ ਸਦਕਾ ਉਹ ਇਸ ਸਮਰੱਥ ਹੋਏ ਹਨ।