ਪੰਜਾਬੀ ਯੂਨੀਵਰਸਿਟੀ ਵਿਖੇ '14ਵਾਂ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ' ਕਰਵਾਇਆ ਗਿਆ
-ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਕੀਤਾ ਨਿਹਾਲ
ਪਟਿਆਲਾ, 13 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਪਿਛਲੇ ਦਿਨੀਂ '14ਵਾਂ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ' ਕਰਵਾਇਆ ਗਿਆ। ਯੂਨੀਵਰਸਿਟੀ ਕੈੰਪਸ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਇਸ ਸਮਾਗਮ ਵਿੱਚ ਵਿਸ਼ੇਸ਼ ਰੂਪ ਵਿਚ ਪਧਾਰੇ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਨੇ ਬੀਬੀ ਜਸਬੀਰ ਕੌਰ ਖ਼ਾਲਸਾ ਸਬੰਧੀ ਆਪਣੀਆਂ ਸਿਮ੍ਰਤੀਆਂ ਵੀ ਸੰਗਤਾਂ ਨਾਲ ਸਾਂਝੀਆਂ ਕੀਤੀਆਂ।
ਇਸ ਤੋਂ ਪਹਿਲਾਂ ਸਮਾਗਮ ਦੇ ਆਰੰਭ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਸੁਆਗਤ ਕੀਤਾ।
ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸੰਗੀਤ ਵਿਭਾਗ ਵਿਚ ਕਾਰਜਰਤ ਗੈਸਟ ਫ਼ੈਕਲਟੀ ਡਾ. ਕਮਲਜੀਤ ਕੌਰ ਨੇ ਤੰਤੀ ਸਾਜ਼ਾਂ ਨਾਲ ਨਿਰਧਾਰਿਤ ਰਾਗਾਂ ਵਿਚ ਕੀਰਤਨ ਕੀਤਾ। ਇਹਨਾਂ ਦੇ ਨਾਲ ਗੁਰਮਤਿ ਸੰਗੀਤ ਵਿਭਾਗ ਦੀ ਗੈਸਟ ਫ਼ੈਕਲਟੀ ਸ. ਗੁਰਪ੍ਰੀਤ ਸਿੰਘ, ਬੀਬੀ ਰਾਜਦੀਪ ਕੌਰ ਅਤੇ ਸ. ਨਰਿੰਦਰਪਾਲ ਸਿੰਘ ਨੇ ਸਾਥ ਦਿੱਤਾ।
ਵਰਣਨਯੋਗ ਹੈ ਕਿ ਬੀਬੀ ਜੀ ਦੇ ਵਿੱਤੀ ਸਹਿਯੋਗ ਨਾਲ ਵਿਸ਼ਵ ਵਿਚ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ 2003 ਵਿਚ ਕੀਤੀ ਗਈ ਸੀ। ਸਮਾਰੋਹ ਵਿੱਚ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਵੱਲੋਂ ਵੀ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਭਰੀ ਗਈ। ਸਮਾਰੋਹ ਦੌਰਾਨ ਸਾਬਕਾ ਲੈਫ਼. ਜਨਰਲ ਸ. ਜਤਿੰਦਰ ਸਿੰਘ ਸਾਹਨੀ, ਸ. ਗੁਰਤੇਜ ਸਿੰਘ, ਡਾ. ਸੁਖਵਿੰਦਰ ਸਿੰਘ, ਡਾ. ਪਰਮਜੀਤ ਸਿੰਘ, ਗਿਆਨੀ ਬਲਬੀਰ ਸਿੰਘ ਅਤੇ ਸਮਾਰੋਹ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਵਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ।
ਸਿਮ੍ਰਤੀ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਖੋਜਾਰਥੀਆਂ, ਫ਼ੈਕਲਟੀ ਮੈਂਬਰਾਂ ਅਤੇ ਬੀਬੀ ਜੀ ਦੇ ਪਰਿਵਾਰਿਕ ਮੈਂਬਰਾਂ ਸਹਿਤ ਸ. ਦਲੀਪ ਸਿੰਘ ਉੱਪਲ, ਡਾ. ਨਿਵੇਦਿਤਾ ਸਿੰਘ, ਡਾ. ਮਲਕਿੰਦਰ ਕੌਰ, ਡਾ. ਪਰਮੀਤ ਕੌਰ, ਡਾ. ਬਲਵਿੰਦਰਜੀਤ ਕੌਰ ਭੱਟੀ, ਸ. ਨਿਰਮਲਤੇਜ ਸਿੰਘ ਕੋਹਲੀ, ਡਾ. ਕਰਮਜੀਤ ਕੌਰ, ਸ੍ਰੀਮਤੀ ਗੁਰਦੀਪ ਕੌਰ, ਸ. ਗੁਰਜੰਟ ਸਿੰਘ, ਸ. ਤੇਜਪਾਲ ਸਿੰਘ ਆਦਿ ਅਤੇ ਵਿਸ਼ੇਸ਼ ਰੂਪ ਵਿਚ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀ, ਖੋਜਾਰਥੀ ਅਤੇ ਫ਼ੈਕਲਟੀ ਮੈਂਬਰਾਨ ਸ਼ਾਮਲ ਹੋਏ।