ਪਟਿਆਲਾ ’ਚ ਫਲਾਵਰ ਅਤੇ ਫੂਡ ਫੈਸਟੀਵਲ
ਪਟਿਆਲਾ 13 ਫਰਵਰੀ 2025 - ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਦੇ ਬਾਰਾਂਦਰੀ ਬਾਗ ਵਿੱਚ ਫਲਾਵਰ ਅਤੇ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਪ੍ਰਦਰਸ਼ਨੀ ਅਤੇ ਸਟਰੀਟ ਫੂਡ ਅਤੇ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਲਗਾਈਆਂ ਗਈਆਂ । ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਵਿਰਾਸਤੀ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪਟਿਆਲਵੀਆਂ ਨੇ ਹਿੱਸਾ ਲਿਆ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਵਿਰਾਸਤੀ ਮੇਲਾ ਕਰਵਾਉਣ ਦਾ ਮੁੱਖ ਮਕਸਦ ਪਟਿਆਲਵੀਆਂ ਨੂੰ ਸ਼ੁੱਧ ਤੇ ਪੌਸ਼ਟਿਕ ਖਾਣ-ਪੀਣ ਲਈ ਉਤਸ਼ਾਹਿਤ ਕਰਨਾ ਹੈ । ਉਹਨਾਂ ਕਿਹਾ ਕਿ ਅਜਿਹੇ ਫੈਸਟੀਵਲ ਵਿੱਚ ਹਿੱਸਾ ਲੈਣ ਨਾਲ ਸਾਨੂੰ ਆਪਣੀ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸ਼ੋਅ ਦਾ ਮੁੱਖ ਟੀਚਾ ਆਮ ਲੋਕਾਂ ਨੂੰ ਫੁੱਲਾਂ ਦੀ ਕਾਸ਼ਤ ਪ੍ਰਤੀ ਪ੍ਰਰਿਤ ਕਰਨਾ ਹੈ । ਉਹਨਾਂ ਹੋਰਟੀਕਲਚਰ ਵਿਭਾਗ ਦੇ ਅਧਿਕਾਰੀਆਂ ਨੂੰ ਬਾਰਾਂਦਰੀ ਬਾਗ ਦੀ ਸੁੰਦਰਤਾ ਵਧਾਉਣ , ਸਾਫ ਸਫਾਈ ਦੇ ਰੱਖ ਰਖਾਓ , ਬੱਚਿਆਂ ਲਈ ਲੱਗੇ ਝੂਲਿਆਂ ਦੀ ਸੁਰੱਖਿਆ ਤੇ ਓਪਨ ਜਿੰਮ , ਫੁਹਾਰੇ ਚਲਾਉਣ ਅਤੇ ਬਾਗ ਦੇ ਰੱਖ ਰਖਾਓ ਚ ਸੁਧਾਰ ਲਿਆਉਣ ਦੇ ਆਦੇਸ਼ ਦਿੱਤੇ ।
ਹੋਰਟੀਕਲਚਰ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਦੌਰਾਨ ਕੱਟ ਫਲਾਵਰ, ਫਲਾਵਰ ਪੋਟਸ ਅਤੇ ਕੈਕਟਸ ਅਤੇ ਬੋਨਸਾਈ ਆਦਿ ਦੇ ਮੁਕਾਬਲੇ ਕਰਵਾਏ ਗਏ ।ਉਹਨਾਂ ਦੱਸਿਆ ਕਿ ਮੇਲੇ ਵਿੱਚ 20 ਫੂਡ ਦੀਆਂ ਸਟਾਲਾਂ ਅਤੇ 25 ਓਰਗੈਨਿਕ ਸਟਾਲਾਂ ਅਤੇ ਦੋ ਹਜਾਰ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ । ਉਹਨਾਂ ਕਿਹਾ ਕਿ ਮੇਲੇ ਦੇ ਨੋਡਲ ਅਫਸਰ ਕਮ ਐਸ.ਡੀ.ਐਮ. ਨਾਭਾ ਡਾ ਇਸਮਿਤ ਵਿਜੇ ਸਿੰਘ ਨੇ 30 ਜੇਤੂ ਉਮੀਦਵਾਰਾਂ ਨੂੰ ਇਨਾਮ ਵੀ ਵੰਡੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ, ਕਮਿਸ਼ਨਰ ਨਗਰ ਨਿਗਮ ਰਜਤ ਓਬਰਾਏ, ਸਮੂਹ ਐਸ.ਡੀ.ਐਮਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ ।