ਵੀ ਆਈ ਪੀ ਰੋਡ ਤੇ ਸੀਵਰੇਜ ਬਲਾਕੇਜ ਸਮੱਸਿਆ ਦੂਰ ਕਰਨ ਲਈ ਪਾਈਪ ਲਾਈਨ ਦਾ ਕੰਮ ਜਾਰੀ
- 2000 ਮੀਟਰ ਚੋਂ 1300 ਮੀਟਰ ਕੰਮ ਹੋਇਆ
- ਬਾਕੀ ਕੰਮ ਖਤਮ ਹੋਣ ਉਪਰੰਤ ਸੜ੍ਹਕ ਦੀ ਮੁਰੰਮਤ ਕਰਕੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ - ਈ ਓ ਜ਼ੀਰਕਪੁਰ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਫਰਵਰੀ 2025: ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਕੁਮਾਰ ਨੇ ਅੱਜ ਇੱਥੇ ਦੱਸਿਆ ਕਿ ਜ਼ੀਰਕਪੁਰ ਦੀ ਵੀ ਆਈ ਪੀ ਰੋਡ ਤੇ ਸੀਵਰੇਜ ਬਲਾਕੇਜ ਕਰਨ ਲੋਕਾਂ ਨੂੰ ਆ ਰਹੀ ਮੁਸ਼ਕਿਲ ਨੂੰ ਜਲਦ ਦੂਰ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਵੀ ਆਈ ਪੀ ਰੋਡ ਤੇ ਮੌਜੂਦਾ ਸੀਵਰੇਜ ਦੀ ਪਾਈਪ ਛੋਟੀ ਹੈ ਅਤੇ ਇਹ ਲਗਭਗ 15 ਸਾਲ ਪੁਰਾਣੀ ਹੋਣ ਕਾਰਨ ਸ਼ਹਿਰ ਦੀ ਅਬਾਦੀ ਵਿੱਚ ਵਾਧਾ ਹੋਣ ਕਾਰਨ ਪਾਈਪ ਲਾਈਨ ਓਵਰਫਲੋਅ ਹੋ ਰਹੀ ਸੀ।
ਸੀਵਰੇਜ ਓਵਰਫਲੋਅ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਰਾਹੀਂ 265.28 ਲੱਖ ਰੁਪਏ ਦਾ 2000 ਮੀਟਰ ਪਾਈਪ ਲਾਈਨ ਤਬਦੀਲ ਕਰਨ ਦਾ ਕੰਮ ਅਰੰਭਿਆ ਹੋਇਆ ਹੈ, ਜਿਸ ਵਿਚੋਂ 1300 ਮੀਟਰ ਮੌਜੂਦਾ ਪਾਈਪ ਬਦਲੀ ਜਾ ਚੁੱਕੀ ਹੈ ਜਦਕਿ 700 ਮੀਟਰ ਵੀ ਜਲਦ ਤਬਦੀਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ 16 ਇੰਚ, 24 ਇੰਚ ਅਤੇ 32 ਇੰਚ ਦੀ ਮੇਨ ਲਾਇਨ ਪਾਈ ਜਾ ਰਹੀ ਹੈ।
ਕਾਰਜ ਸਾਧਕ ਅਫ਼ਸਰ ਅਨੁਸਾਰ ਕਿਉਂ ਜੋ ਇਹ ਕੰਮ ਚਲਦੇ ਸੀਵਰੇਜ ਵਿਚ ਕੀਤਾ ਜਾ ਰਿਹਾ ਹੈ ਅਤੇ ਇਸ ਮੇਨ ਲਾਈਨ ਦੇ ਰਸਤੇ ਵਿਚ ਸੜਕ ਕੇਵਲ 12 ਫੁੱਟ ਦੀ ਹੈ। ਉਨ੍ਹਾਂ ਕਿਹਾ ਕਿ ਇਸ ਏਰੀਆ ਵਿੱਚ ਸਟੋਰਮ ਸੀਵਰੇਜ ਤੇ ਵਾਟਰ ਸਪਲਾਈ ਦੀ ਲਾਈਨ ਜਾ ਰਹੀ ਹੈ, ਜਿਸ ਕਾਰਨ ਕੰਮ ਕਰਦੇ ਦੌਰਾਨ ਕੁਨੈਕਸ਼ਨ ਟੁੱਟਣ ਕਾਰਨ ਓਵਰਫੋਲ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਾਈਪ ਬਦਲੀ ਹੋਣ ਉਪਰੰਤ ਇਹ ਓਵਰਫਲੋਅ ਦੀ ਸਮੱਸਿਆ ਪੱਕੇ ਤੌਰ ਤੇ ਖਤਮ ਹੋ ਜਾਵੇਗੀ।
ਈ ਓ ਅਸ਼ੋਕ ਕੁਮਾਰ ਅਨੁਸਾਰ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਇਸ ਸੜਕ ਨੂੰ ਸੀਵਰ ਪਾਈਪ ਲਾਈਨ ਦਾ ਕੰਮ ਮੁਕੰਮਲ ਕਰਨ ਬਾਅਦ ਇਸ ਦੀ ਮੁਰੰਮਤ ਦਾ ਟੈਂਡਰ ਪਹਿਲਾਂ ਹੀ ਲਗਾ ਦਿੱਤਾ ਗਿਆ ਹੈ ਅਤੇ ਸੀਵਰੇਜ ਪੈਣ ਉਪਰੰਤ ਸੜ੍ਹਕ ਮੁਰੰਮਤ ਦਾ ਇਹ ਕੰਮ ਤੁਰੰਤ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਵਰ ਲਾਈਨ ਤਬਦੀਲ ਹੋਣ ਨਾਲ ਵੀ ਆਈ ਪੀ ਰੋਡ ਸਿੰਘਪੁਰਾ ਐਸ ਟੀ ਪੀ ਤੇ ਪਹੁੰਚਣ ਵਾਲੇ ਨਿਕਾਸੀ ਪਾਣੀ ਦੇ ਰਸਤੇ ਚ ਕੋਈ ਰੁਕਾਵਟ ਨਹੀਂ ਰਹੇਗੀ ਅਤੇ ਨੇ ਹੀ ਸ਼ਹਿਰ ਵਾਸੀਆਂ ਨੂੰ ਇਸ ਸੜ੍ਹਕ ਤੇ ਪਾਣੀ ਖੜ੍ਹਨ ਜਿਹੀ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।