ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੀ ਉਡਾਣ ਦੇ ਅੰਮ੍ਰਿਤਸਰ ਵਿਖੇ ਉੱਤਰਨ ਨੂੰ ਸੁਖਜਿੰਦਰ ਰੰਧਾਵਾ ਨੇ ਦੱਸਿਆ ਸਾਜਿਸ਼ੀ
- ਡਿਪੋਰਟ ਹੋਏ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੇ ਏਜੰਟਾਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਡੇਰਾ ਬਾਬਾ ਨਾਨਕ, 6 ਫਰਵਰੀ 2025 - ਲੋਕ ਸਭਾ ਹਲਕਾ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਵਿਖੇ ਉਤਾਰਨ 'ਤੇ ਸਖ਼ਤ ਇਤਰਾਜ ਜਤਾਇਆ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕੇਂਦਰ ਸਰਕਾਰ ਵੱਲੋਂ ਸਾਜਿਸ਼ ਤਹਿਤ ਕੀਤਾ ਗਿਆ ਹੈ ਜਿਸਦਾ ਮੁੱਖ ਮਕਸਦ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੂੰ ਵਿਸ਼ਵ ਭਰ ਵਿੱਚ ਠੇਸ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜਾਣਬੁੱਝ ਕੇ ਲੈਂਡਿੰਗ ਦਾ ਦਿਨ 5 ਫਰਵਰੀ ਚੁਣਿਆ ਗਿਆ ਤਾਂ ਕਿ ਸਾਰਾ ਮੀਡੀਆ ਦਿੱਲੀ ਦੀਆਂ ਚੋਣਾਂ ਮਗਰ ਰੁੱਝਿਆ ਰਹੇ ਤੇ ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਮਹਾਂਕੁੰਭ ਇਸ਼ਨਾਨ 'ਤੇ ਪਹੁੰਚ ਗਏ ਤੇ ਪੂਰਾ ਦਿਨ ਬਾਕੀ ਦਾ ਮੀਡੀਆ ਉਨ੍ਹਾਂ ਨੂੰ ਹੀ ਦਿਖਾਈ ਗਿਆ ਜਿਸ ਨੌਜਵਾਨਾਂ ਦੀ ਜ਼ਿੰਦਗੀ ਨਾਲ ਜੁੜੇ ਦੇਸ਼ ਦੇ ਏਡੇ ਵੱਡੇ ਮਸਲੇ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ।
ਉਨ੍ਹਾਂ ਕਿਹਾ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਨੌਜਵਾਨਾਂ ਲਈ ਹਾਅ ਦਾ ਨਾਅਰਾ ਮਾਰਨ ਦੀ ਬਜਾਇ ਕੇਂਦਰ ਸਰਕਾਰ ਨੇ ਡਿਪੋਰਸ਼ਨ ਲਈ ਹਾਮੀ ਭਾਰੀ ਜੋ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਹਰ ਭਾਰਤੀ ਲਈ ਦੁਖਦਾਇਕ ਹੈ। ਕਿਰਤ ਦੀ ਭਾਲ ਵਿੱਚ ਬੇਘਰ ਹੋਏ ਇਨ੍ਹਾਂ ਨੌਜਵਾਨਾਂ ਨਾਲ ਕੀਤਾ ਗਿਆ ਕੈਦੀਆਂ ਵਰਗਾ ਵਿਵਹਾਰ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਉਹ ਡਿਪੋਰਟ ਹੋਏ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹੋਏ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਇਨ੍ਹਾਂ ਨੌਜਵਾਨਾਂ ਨੂੰ ਪੱਕੇ ਰੁਜ਼ਗਾਰ ਦਿੱਤੇ ਜਾਣ ਅਤੇ ਇਨ੍ਹਾਂ ਨੂੰ ਗੁੰਮਰਾਹ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲੇ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਇਨਸਾਫ ਦਿਲਾਇਆ ਜਾਵੇ। ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।