← ਪਿਛੇ ਪਰਤੋ
ਲੱਖਾ ਸਿਧਾਣਾ ਦੇ ਕਰੀਬੀ ਸਾਥੀ ਦਾ ਗੋਲੀਆਂ ਮਾਰਕੇ ਦਾ ਕਤਲ ਅਸ਼ੋਕ ਵਰਮਾ ਬਠਿੰਡਾ, 5ਫਰਵਰੀ2025: ਬਠਿੰਡਾ ਜਿਲ੍ਹੇ ਦੇ ਰਾਮਪੁਰਾ ਫੂਲ ਸ਼ਹਿਰ ਦੇ ਵੱਡੇ ਪਿੰਡ ਰੂਪਾ ਵਿੱਚ ਬੀਤੀ ਰਾਤ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤਨਾਮ ਸੱਤੀ ਉਰਫ ਓਵਰਸੀਰ ਪੁੱਤਰ ਸੁਖਦੇਵ ਸਿੰਘ ਵਾਸੀ ਭਾਈ ਰੂਪਾ ਵਜੋਂ ਹੋਈ ਹੈ, ਜੋ ਕਿ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਦਾ ਬੇਹੱਦ ਕਰੀਬੀ ਸਾਥੀ ਸੀ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਉਰਫ਼ ਸੱਤੀ ਅਤੇ ਉਸਦੇ ਗੁਆਂਢੀ ਗੁਰਤੇਜ ਚੰਦ ਪੁੱਤਰ ਪ੍ਰੇਮ ਚੰਦ ਵਿਚਕਾਰ ਪੁਰਾਣਾ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸੇ ਰੰਜਿਸ਼ ਕਾਰਨ ਬੀਤੀ ਰਾਤ ਨੂੰ ਦੋਵਾਂ ਧਿਰਾਂ ਵਿਚਕਾਰ ਲੜਾਈ ਝਗੜਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੇ ਪੁਲਿਸ ਨੇ ਪੜਤਾਲ ਕੀਤੀ ਤਾਂ ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਗੋਲੀਆਂ ਚਲਾਉਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਗੁਰਤੇਜ ਚੰਦ ਦੇ ਘਰ ਦਾ ਗੇਟ ਵੀ ਭੰਨਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਝਗੜਾ ਐਨਾ ਵਧ ਗਿਆ ਕਿ ਗੁਰਤੇਜ ਚੰਦ ਨੇ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਦੋ ਗੋਲੀਆਂ ਸੱਤੇ ਨੂੰ ਜਾ ਲੱਗੀਆਂ। ਗੰਭੀਰ ਜਖਮੀ ਸਤਨਾਮ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐਸਪੀ ਨੇ ਦੱਸਿਆ ਕਿ ਮ੍ਰਿਤਕ ਦੇ ਪ੍ਰੀਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਬਣਦੀਆਂ ਧਾਰਾਵਾਂ ਤਹਿਤ ਕਤਲ ਦਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਤੇਜ ਚੰਦ ਦੇ ਘਰ ਤੇ ਗੋਲੀਆਂ ਚਲਾਉਣ ਅਤੇ ਭੰਨ ਤੋੜ ਦੇ ਮਾਮਲੇ ਵਿੱਚ ਮੁਕੱਦਮਾ ਨੰਬਰ 11 ਥਾਣਾ ਫੂਲ ’ਚ ਦਰਜ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਠਿੰਡਾ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੁਲਿਸ ਅਨੁਸਾਰ ਸੱਤੀ ਵਿਰੁੱਧ ਪਹਿਲਾਂ ਹੀ 4-5 ਅਪਰਾਧਿਕ ਮਾਮਲੇ ਦਰਜ ਹਨ। ਗੌਰਤਲਬ ਹੈ ਕਿ ਸਤਨਮ ਸਿੰਘ ਸੱਤਾ ਉਰਫ ਓਵਰਸੀਰ ਪਹਿਲੀ ਵਾਰ ਉਦੋਂ ਚਰਚਾ ਵਿੱਚ ਆਇਆ ਸੀ ਜਦੋਂ 13 ਫਰਵਰੀ 2015 ਨੂੰ ਮਿਊਂਸਿਪਲ ਚੋਣਾਂ ਕਾਰਨ ਫੂਲ ਕਚਹਿਰੀਆਂ ਵਿੱਚ ਅਕਾਲੀ ਉਮੀਦਵਾਰ ਦੇ ਕਾਗਜ਼ ਦਾਖਲ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਗੁਰਵੀਰ ਸਿੰਘ ਉਰਫ ਗੋਲਡੀ ਵਾਸੀ ਮਹਿਰਾਜ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਸਤਨਾਮ ਸਿੰਘ ਸੱਤਾ ਅਤੇ ਲੱਖਾ ਸਿਧਾਣਾ ਸਮੇਤ 13 ਜਣਿਆਂ ਨੂੰ ਨਾਮਜਦ ਕੀਤਾ ਗਿਆ ਸੀ। ਪੁਲਿਸ ਨੇ ਸੱਤੀ ਅਤੇ ਲੱਖਾ ਸਿਧਾਣਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਵੀ ਕੀਤੀ ਸੀ।
Total Responses : 2695