ਸੰਵਿਧਾਨ ਨਿਰਮਾਤਾ ਡਾ.ਅੰਬੇਡਕਰ ਸਾਹਿਬ ਦੀ ਮੂਰਤੀ ਤੋੜਨ ਸਬੰਧੀ ਮਾਮਲਾ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ:- ਸੁਦੇਸ਼ ਕੁਮਾਰੀ ਮੰਗੋਤਰਾ
- ਕਿਹਾ, ਭਾਈਚਾਰਕ ਸਾਂਝ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਬਾਜ਼ ਆਉਣ
-ਵਿਰੋਧ ਪ੍ਰਦਰਸ਼ਨ/ਅੰਮ੍ਰਿਤਸਰ ਬੰਦ/ਸ੍ਰੀ ਅੰਮ੍ਰਿਤਸਰ ਦੇ ਹਾਲ ਬਾਜ਼ਾਰ 'ਚ ਸ਼ੁਰੂ ਕੀਤੇ ਧਰਨੇ ਦੀ ਕੀਤੀ ਹਮਾਇਤ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,27 ਜਨਵਰੀ 2025 (ਨਿਰਮਲ ਦੋਸਤ) - ਕੱਲ ਗਣਤੰਤਰਤਾ ਦਿਵਸ ਮੌਕੇ ,ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਵਿੱਚ, ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਇੱਕ ਵਿਅਕਤੀ ਵੱਲੋਂ ਤੋੜੇ ਜਾਣ ਦੀ ਕੋਸ਼ਿਸ਼ ਕਰਨ ਵਾਲੀ ਘਟਨਾ ਦੀ ਸਖਤ ਨਿੰਦਾ ਹੋ ਰਹੀ ਹੈ।
ਰਿਪਬਲਿਕਨ ਪਾਰਟੀ ਆੱਫ਼ ਇੰਡੀਆ(ਅੰਬੇਡਕਰ)ਦੀ ਪੰਜਾਬ ਤੇ ਚੰਡੀਗੜ੍ਹ ਦੀ ਇੰਚਾਰਜ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਪ੍ਰੈਸ ਨੂੰ ਦਿਤੇ ਬਿਆਨ 'ਚ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਡਾ.ਅੰਬੇਦਕਰ ਸਾਹਿਬ ਦੀ ਮੂਰਤੀ ਤੋੜੇ ਜਾਣ ਦੀ ਇਹ ਮੰਦਭਾਗੀ ਘਟਨਾ/ਘਟੀਆ ਹਰਕਤ ਕਿਸੇ ਇੱਕ ਵਿਅਕਤੀ ਦਾ ਹੀ ਕੰਮ ਨਹੀਂ ਹੈ, ਬਲਕਿ ਕਿਸੇ ਬਹੁਤ ਹੀ ਵੱਡੀ ਸਾਜ਼ਿਸ਼ ਦਾ ਇੱਕ ਹਿੱਸਾ ਹੈ।ਇਸ ਘਟਨਾ ਦੇ ਵਾਪਰਨ ਕਾਰਨ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ/ਸੱਟ ਵੱਜੀ ਹੈ।
R.P.i.ਦੀ ਇਸ ਸੀਨੀਅਰ ਆਗੂ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਆਪਣੀ ਪਾਰਟੀ ਵੱਲੋਂ ਚਿਤਾਵਨੀ ਸੁਰ 'ਚ ਕਿਹਾ ਕਿ ਭਾਈਚਾਰਕ ਸਾਂਝ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਆਪਣੀਆਂ ਹਰਕਤਾਂ/ਲੂੰਬੜ ਚਾਲਾਂ ਤੋਂ ਬਾਜ਼ ਆਉਣ, ਕਿਉਂ ਕਿ ਅਜਿਹੀਆਂ ਹਰਕਤਾਂ ਕਰ ਕੇ ਉਹ ਆਪਣੇ ਮਨਸੂਬਿਆਂ 'ਚ ਕਦੇ ਵੀ ਸਫ਼ਲ ਨਹੀਂ ਹੋਣਗੇ।
ਸੁਦੇਸ਼ ਕੁਮਾਰੀ ਮੰਗੋਤਰਾ ਨੇ, ਰੋਸ ਵਜੋ ਸ਼ਾਂਤਮਈ ਵਿਰੋਧ ਪ੍ਰਦਰਸ਼ਨ/ਅੰਮ੍ਰਿਤਸਰ ਬੰਦ/ਸ੍ਰੀ ਅੰਮ੍ਰਿਤਸਰ ਦੇ ਹਾਲ ਬਾਜ਼ਾਰ 'ਚ ਸ਼ੁਰੂ ਕੀਤੇ ਧਰਨੇ ਦੀ ਹਮਾਇਤ ਕਰਦਿਆਂ ਦੱਸਿਆ ਕਿ ਡਾ.ਅੰਬੇਦਕਰ ਸਾਹਿਬ ਦੇ ਨਿਰਾਦਰ/ਅਪਮਾਨ ਨੂੰ ਸਹਿਣ ਨਹੀਂ ਕੀਤਾ ਜਾਵੇਗਾ।