ਦੁਨੀਆਂ ਦੇ ਕਿਸੇ ਵੀ ਦੇਸ਼ ਜਾਵੋ,ਸਫਲਤਾ ਸਿਰਫ ਮਿਹਨਤ ਅਤੇ ਇਮਾਨਦਾਰੀ ਨਾਲ ਈ ਮਿਲਦੀ ਹੈ : ਰੰਧਾਵਾ
ਬਾਬੂਸ਼ਾਹੀ ਬਿਊਰੋ
ਲੁਧਿਆਣਾ:ਅਮਰੀਕਾ ਦੇ ਜਾਣੇ ਪਹਿਚਾਣੇ ਚਿੰਤਕ ਅਤੇ ਕੈਲੀਫੋਰਨੀਆਂ ਦੇ ਸਿਟੀ ਕਮਿਸ਼ਨਰ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਵੋ, ਦ੍ਰਿੜ ਇਰਾਦੇ ਅਤੇ ਕੰਮ ਸਭਿਆਚਾਰ ਤੁਹਾਡੇ ਸੁਭਾਅ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਕਿਉਂਕਿ ਇਹੀ ਸੁਭਾਅ ਸਮਾਜ ਵਿੱਚ ਤੁਹਾਡੀ ਚੰਗੀ ਪਹਿਚਾਣ ਬਣਾਉਂਦਾ ਹੈ। ਜ਼ਿੰਦਗੀ ਵਿੱਚ ਸਫਲਤਾ ਸਬੰਧੀ ਗੱਲ ਕਰਦਿਆਂ ਸਰਦਾਰ ਰੰਧਾਵਾ ਨੇ ਕਿਹਾ ਦੇਸ਼ ਕੋਈ ਵੀ ਹੋਵੇ ਸਫਲਤਾ ਦਾ ਫਾਰਮੂਲਾ ਸਿਰਫ ਮਿਹਨਤ ਅਤੇ ਇਮਾਨਦਾਰੀ ਹੀ ਹੁੰਦਾ ਹੈ।ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਵੱਲੋਂ ਅਯੋਜਿਤ ਇੱਕ ਸਮਾਗਮ ਵਿੱਚ ਸ. ਰੰਧਾਵਾ ਨੇ ਦੱਸਿਆ ਕਿ ਉਹ ਤੀਹ ਸਾਲ ਤੋਂ ਅਮਰੀਕਾ ਰਹਿ ਰਹੇ ਹਨ ਜਦੋਂ ਕਿ ਆਪਣੇ ਕਾਰੋਬਾਰ ਅਤੇ ਸਾਹਿਤਕ ਗਤੀਵਿਧੀਆਂ ਕਰਕੇ ਉਹਨਾ ਨੂੰ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਜਾਣ ਦਾ ਮੌਕਾ ਵੀ ਮਿਲਦਾ ਰਹਿੰਦਾ ਹੈ ਇਸ ਲਈ ਮੈਂ ਹਰ ਮੁਲਕ ਵਿੱਚ ਮਿਹਨਤ ਅਤੇ ਇਮਾਨਦਾਰੀ ਦਾ ਬੋਲਬਾਲਾ ਦੇਖਿਆ ਹੈ।
ਸਮਾਗਮ ਦੌਰਾਨ ਫਾਊਂਡੇਸ਼ਨ ਦੇ ਚੇਅਰਮੈਨ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਅਤੇ ਸਕੱਤਰ ਜਨਰਲ ਡਾ ਨਿਰਮਲ ਜੌੜਾ ਨੇ ਸ ਰੰਧਾਵਾ ਦਾ ਸਨਮਾਨ ਕੀਤਾ।ਸਨਮਾਨ ਪ੍ਰਾਪਤੀ ਉਪਰੰਤ ਸ ਰੰਧਾਵਾ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਅਤੇ ਸਭਿਆਚਾਰ ੳੱੁਤੇ ਮਾਣ ਹੋਣਾ ਚਾਹੀਦਾ ਹੈ।ਉਹਨਾ ਕਿਹਾ ਕਿ ਸੱਤ ਸਮੰੁਦਰ ਪਾਰ ਜਾਕੇ ਵੀ ਸਾਨੂੰ ਸਾਡੀ ਭਾਸ਼ਾ ਅਤੇ ਰੀਤੀ ਰਿਵਾਜ਼ ਸਕੂਨ ਦਿੰਦੇ ਹਨ।
ਸ ਰੰਧਾਵਾ ਦਾ ਸਾਵਗਤ ਕਰਦਿਆਂ ਫਾਊਂਡੇਸ਼ਨ ਦੇ ਸਕੱਤਰ ਜਨਰਲ ਡਾ ਨਿਰਮਲ ਜੌੜਾ ਨੇ ਕਿਹਾ ਕਿ ਗੁਰਜਤਿੰਦਰ ਰੰਧਾਵਾ ਜਿਥੇ ਮਿਹਨਤੀ ਸੁਭਾਅ ਦਾ ਮਾਲਕ ਹਨ ਉਥੇ ਆਪਣੇ ਕੰਮ ਵਿੱਚ ਦਿਲਚਸਪੀ ਅਤੇ ਲਗਨ ਰੱਖਣ ਵਾਲੇ ਇਨਸਾਨ ਹਨ। ਡਾ ਨਿਰਮਲ ਜੌੜਾ ਨੇ ਦੱਸਿਆ ਕਿ ਸ. ਰੰਧਾਵਾ ਨੇ ਅਮਰੀਕਾ ਵਰਗੇ ਵਿਕਸਤ ਮੁਲਕ ਵਿੱਚ ਜਾਕੇ ਆਪਣੀ ਮਿਹਨਤ ਦੇ ਬਲਬੂਤੇ ਜਿੱਥੇ ਕਾਰੋਬਾਰੀਆਂ ਦੀ ਕਤਾਰ ਵਿੱਚ ਜਗਾ ਬਣਾਈ ਹੈ ਉਥੇ ਉਥੋਂ ਦੀ ਰਾਜਨੀਤੀ ਵਿੱਚ ਆਪਣੇ ਆਪ ਨੂੰ ਮਜ਼ਬੂਤ ਕੀਤਾ ਹੈ ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਗੁਰਜਤਿੰਦਰ ਰੰਧਾਵਾ ਬਹੁ-ਪਰਤੀ ਵਿਚਰਨ ਵਾਲਾ ਉੱਦਮੀ ਇਨਸਾਨ ਹੈ ਜਿਸ ਨੇ ਵਪਾਰ, ਮੀਡੀਆ, ਸਾਹਿਤ , ਸਭਿਆਚਾਰ ਦੇ ਨਾਲ ਨਾਲ ਰਾਜਨੀਤੀ ਅਤੇ ਸਮਾਜ ਸੇਵਾ ਵਿੱਚ ਚੰਗੇ ਕਾਰਜ ਕਰਕੇ ਦੁਨੀਆਂ ਵਿੱਚ ਆਪਣਾ ਨਾਮ ਕਮਾਇਆ ਹੈ । ਸ ਭਰੋਵਾਲ ਨੇ ਦੱਸਿਆ ਪਿਛਲੇ ਸਮੇਂ ਪ੍ਰਕਾਸ਼ਤ ਹੋਈ ਡਾ ਪਰਭਲੀਨ ਸਿੰਘ ਪਟਿਆਲਾ ਦੀ ਲਿਖੀ ਪੁੱਸਤਕ ‘ਪਰੌਂਮੀਨੈਂਟ ਸਿੱਖਸ ਆਫ ਯੂ ਐਸ ਏ’ ਵਿੱਚ ਸ ਰੰਧਾਵਾ ਦਾ ਜੀਵਨ ਵਿਊਰਾ ਛਪਣਾ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਪੁਸਤਕ ਵਿੱਚ ਅਮਰੀਕਾ ਦੇ ਚੋਣਵੇਂ ਸਿੱਖਾਂ ਬਾਰੇ ਚਰਚਾ ਕੀਤੀ ਗਈ ਹੈ ।‘ਪਰੌਂਮੀਨੈਂਟ ਸਿੱਖਸ ਆਫ ਯੂ ਐਸ ਏ’ ਪੁੱਸਤਕ ਦੀ ਇੱਕ ਕਾਪੀ ਸ. ਰੰਧਾਵਾ ਵੱਲੋਂ ਬਾਬਾ ਫਰੀਦ ਲਾਇਬ੍ਰੇਰੀ ਲਈ ਭੇਟ ਕੀਤੀ ।
ਇਸ ਮੌਕੇ ਸ ਰੰਧਾਵਾ ਰਚਿਤ ਦੋ ਪੁੱਸਤਕਾਂ ‘ ਪ੍ਰਵਾਸੀ ਮੁੱਦੇ’ ਅਤੇ ‘ ਆਵਾਜ਼ -ਏ -ਪ੍ਰਵਾਸ’ ‘ਤੇ ਵੀ ਚਰਚਾ ਕੀਥੀ ਗਈ। ਇਸ ਮੌਕੇ ਜਸਵੰਤ ਸਿੰਘ ਛਾਪਾ ਅਤੇ ਡਾ ਚੰਦਰ ਭਨੋਟ ਨੇ ਸ ਗੁਰਜਤਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ।