ਗਣਤੰਤਰ ਦਿਵਸ : ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ
- ਸਰਬਓਤਮ ਪੇਸ਼ਕਾਰੀ ਲਈ ਏ.ਪੀ.ਜੇ. ਸਕੂਲ ਨੂੰ 11000 ਰੁਪਏ ਦੇ ਨਗਦ ਇਨਾਮ ਨਾਲ ਨਵਾਜ਼ਿਆ
ਜਲੰਧਰ, 26 ਜਨਵਰੀ 2025 : 76ਵੇਂ ਗਣਤੰਤਰ ਦਿਵਸ ਮੌਕੇ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ, ਜਿਸ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਸੱਭਿਆਚਾਰਕ ਵੰਨਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਮਾਂ ਬੰਨ੍ਹ ਦਿੱਤਾ। ਇਸ ਮੌਕੇ ਸਰਬਓਤਮ ਪੇਸ਼ਕਾਰੀ ਲਈ ਏ.ਪੀ.ਜੇ. ਸਕੂਲ ਨੂੰ 11000 ਰੁਪਏ ਦੇ ਨਗਦ ਇਨਾਮ ਨਾਲ ਨਵਾਜ਼ਿਆ ਗਿਆ।
ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਨਿਊ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਿਥੇ ‘ਸਵਾਗਤਮ ਨਵ ਭਾਰਤਮ ਸ਼ੁਭ ਸਵਾਗਤਮ’ ਗੀਤ ’ਤੇ ਵੰਨਗੀ ਪੇਸ਼ ਕੀਤੀ ਗਈ ਉਥੇ ਹੀ ਇਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ‘ਨਾਮ ਨਹੀਂ ਏਕ ਜਸ਼ਨ ਹੈ ਭਾਰਤ’ ਗੀਤ ’ਤੇ ਆਪਣੀ ਕੋਰੀਓਗ੍ਰਾਫੀ ਪੇਸ਼ ਕੀਤੀ। ਉਪਰੰਤ ਰੈੱਡ ਕਰਾਸ ਦਿਵਿਆਂਗ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਦਿੱਤੀ ਗਈ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ।
ਇਸੇ ਤਰ੍ਹਾਂ ਡਿਪਸ ਸਕੂਲ ਸੂਰਾਨੁੱਸੀ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਪ੍ਰਭਾਵਸ਼ਾਲੀ ਕੋਰੀਗ੍ਰਾਫੀ ਪੇਸ਼ ਕੀਤੀ ਗਈ। ਜਦਕਿ ਸੈਕਰਡ ਹਾਰਟਸ ਸਕੂਲ ਨੌਗੱਜਾ ਦੇ ਵਿਦਿਆਰਥੀਆਂ ਨੇ ‘ਸਰਹੱਦ ਪੇ ਚਲੇਂ ਸਰਹੱਦ ਪੇ ਹਮ’ ’ਤੇ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ਏ.ਪੀ.ਜੇ. ਸਕੂਲ ਦੇ ਵਿਦਿਆਰਥੀਆਂ ਨੇ ‘ਏਕ ਤੇਰਾ ਨਾਮ ਹੈ ਸਾਚਾ’ ਅਤੇ ਮਾਨਵ ਸਹਿਯੋਗ ਸਕੂਲ ਦੇ ਵਿਦਿਆਰਥੀਆਂ ਨੇ ‘ਆਜਾ ਰੇ ਆਜਾ ਰੇ ਭਲੇ ਕਿਤਨੇ ਲੰਬੇ ਹੋਂ ਰਸਤੇ’ ਗੀਤਾਂ ’ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਕੀਲ੍ਹ ਕੇ ਰੱਖ ਦਿੱਤਾ। ਇਸੇ ਤਰ੍ਹਾਂ ਐਸ.ਟੀ.ਐਸ. ਸਕੂਲ ਰੁੜਕਾ ਕਲਾਂ ਦੇ ਵਿਦਿਆਰਥੀਆਂ ਵੱਲੋਂ ‘ਏ ਵਤਨ ਮੇਰੇ ਵਤਨ’ ਕੋਰੀਓਗ੍ਰਾਫੀ ਪੇਸ਼ ਕੀਤੀ ਗਈ।
ਇਸ ਤੋਂ ਇਲਾਵਾ ਸਮਾਗਮ ਦੌਰਾਨ ਐਸ.ਡੀ. ਫੁੱਲਰਵਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਪਹਿਲਾਂ ਵੱਖ-ਵੱਖ ਸਕੂਲਾਂ ਦੇ ਕਰੀਬ 1100 ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਸ ਪੀ.ਟੀ.ਸ਼ੋਅ ਵੀ ਪੇਸ਼ ਕੀਤਾ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਦੀ ਸਮਾਪਤੀ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।