ਕੇਂਦਰੀ ਯੂਨੀਵਰਸਿਟੀ ਨੇ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਸਾਲ 2025 ਦਾ ਕਲੰਡਰ ਜਾਰੀ ਕੀਤਾ
ਅਸ਼ੋਕ ਵਰਮਾ
ਬਠਿੰਡਾ, 15 ਜਨਵਰੀ 2025: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਲੋਹੜੀ ਅਤੇ ਮਾਘ ਮਹੀਨੇ ਦੀ ਸੰਗਰਾਂਦ ਨਾਲ ਸੰਬੰਧਿਤ ਸਮਾਰੋਹ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵਿੰਦਰ ਪ੍ਰਸਾਦ ਤਿਵਾੜੀ ਵੱਲੋਂ ਸਾਲ 2025 ਦਾ ਕਲੰਡਰ ਜਾਰੀ ਕੀਤਾ ਗਿਆ। ਇਸ ਕਲੰਡਰ ਦਾ ਵਿਸ਼ਾ "ਭਾਰਤ ਵਿੱਚ ਸਮਾਜਿਕ ਸਦਭਾਵਨਾ ਦੇ ਸੰਸਥਾਪਕ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ" ਰੱਖਿਆ ਗਿਆ।ਵਾਈਸ-ਚਾਂਸਲਰ ਪ੍ਰੋ. ਤਿਵਾੜੀ ਨੇ ਲੋਹੜੀ ਤੇ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਕਰਵਾਏ ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਸਾਲ 2025 ਦੇ ਕਲੰਡਰ ਦੀ ਘੁੰਡ ਚੁਕਾਈ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਇਆ ਗਿਆ ਸਮਾਵੇਸ਼ਤਾ ਦਾ ਸਿਧਾਂਤ ਇਸ ਵਿਚਲੀ ਬਾਣੀ ਦੇ ਬੁਨਿਆਦੀ ਆਧਾਰ ਅਤੇ ਵਿਸ਼ਵਵਿਆਪਕਤਾ ਨੂੰ ਵਾਚਕ ਹੈ। ਸਿੱਖ ਧਰਮ ਦੇ ਪੰਜਵੇਂ ਗੁਰੂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਪਿਛੋਕੜਾਂ, ਵਰਗਾਂ ਅਤੇ ਇਲਾਕਿਆਂ ਨਾਲ ਸੰਬੰਧਿਤ 15 ਭਗਤਾਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ। ਗੁਰੂ ਸਾਹਿਬ ਦੀ ਦੂਰ-ਦ੍ਰਿਸ਼ਟੀ ਵਾਲੀ ਇਹ ਵਿਚਾਰਧਾਰਾ ਅੱਜ ਵੀ ਸਮੁੱਚੀ ਲੋਕਾਈ ਨੂੰ ਸਮਾਜਿਕ ਸਦਭਾਵਨਾ ਲਈ ਦਿਸ਼ਾ-ਨਿਰਦੇਸ਼ ਤੇ ਪ੍ਰੇਰਨ ਪ੍ਰਦਾਨ ਕਰਦੀ ਹੈ।
ਸੀਯੂ ਪੰਜਾਬ ਦੁਆਰਾ ਸਾਲ 2025 ਲਈ ਜਾਰੀ ਕੀਤੇ ਗਏ ਇਸ ਕਲੰਡਰ ਵਿਚ ਸ਼ਾਮਿਲ ਕੀਤੇ ਗਏ 15 ਸੰਤਾਂ/ਭਗਤਾਂ ਦੇ ਨਾਮ ਇਸ ਪ੍ਰਕਾਰ ਹਨ – ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ, ਬਾਬਾ ਫਰੀਦ, ਭਗਤ ਸਧਨਾ, ਭਗਤ ਜੈਦੇਵ, ਭਗਤ ਤ੍ਰਿਲੋਚਨ, ਭਗਤ ਰਾਮਾਨੰਦ, ਭਗਤ ਸੈਨ, ਭਗਤ ਧੰਨਾ, ਭਗਤ ਪੀਪਾ, ਭਗਤ ਸੂਰਦਾਸ, ਭਗਤ ਭੀਖਨ, ਭਗਤ ਪਰਮਾਨੰਦ,ਅਤੇ ਭਗਤ ਬੇਨੀ ਜੀ।
ਵਾਈਸ-ਚਾਂਸਲਰ ਪ੍ਰੋ. ਤਿਵਾਰੀ ਨੇ ਆਪਣੇ ਸੰਬੋਧਨ ਵਿਚ ਜ਼ੋਰ ਦੇ ਕੇ ਕਿਹਾ ਕਿ ਇਹ ਕਲੰਡਰ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਤੇ ਭਾਰਤ ਦੇ ਇਹਨਾਂ ਮਹਾਨ ਸੰਤਾਂ-ਭਗਤਾਂ ਦੀ ਬਾਣੀ ਤੋਂ ਪ੍ਰੇਰਿਤ ਹੋਣ ਅਤੇ ਇੱਕ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਮਿਲਜੁਲ ਕੇ ਕੰਮ ਕਰਨ ਲਈ ਜਾਗਰੂਕ ਕਰਨ ਦਾ ਇਕ ਉਪਰਾਲਾ ਹੈ।
ਇਸ ਮੌਕੇ ‘ਤੇ ਡੀਨ ਇੰਚਾਰਜ ਅਕਾਦਮਿਕ ਮਾਮਲੇ ਪ੍ਰੋ. ਆਰ.ਕੇ. ਵੂਸੁਰਿਕਾ, ਰਿਸਰਚ ਅਤੇ ਵਿਕਾਸ ਸੈੱਲ ਦੀ ਡਾਇਰੈਕਟਰ ਪ੍ਰੋ. ਅੰਜਨਾ ਮੁਨਸ਼ੀ, ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ, ਰਜਿਸਟਰਾਰ ਡਾ. ਵਿਜੈ ਸ਼ਰਮਾ, ਵਿੱਤ ਅਧਿਕਾਰੀ ਡਾ. ਆਰ.ਕੇ. ਸ਼ਰਮਾ, ਕੰਟਰੋਲਰ ਪਰੀਖਿਆ ਡਾ. ਬੀ.ਪੀ. ਗਰਗ, ਪ੍ਰੋ. ਰਾਜ ਕੁਮਾਰ, ਪ੍ਰੋ. ਬਾਵਾ ਸਿੰਘ, ਪ੍ਰੋ. ਰਮਨਪ੍ਰੀਤ ਕੌਰ, ਡਾ. ਵਿਪਨ ਪਾਲ, ਡਾ. ਸਰਬਜੀਤ ਸਿੰਘ ਅਤੇ 2025 ਕਲੰਡਰ ਤਿਆਰ ਕਰਨ ਲਈ ਬਣਾਈ ਗਈ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ।