ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਰੂਰਲ ਸਕਿੱਲ ਸੈਂਟਰਾਂ 'ਚ ਡਾਮੈਸਟਿਕ ਡਾਟਾ ਐਂਟਰੀ ਆਪਰੇਟਰ ਦੇ ਮੁਫ਼ਤ ਸਕਿੱਲ ਕੋਰਸ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ, 15 ਜਨਵਰੀ 2025 - ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਲਈ ਨਵੇਂ ਸਾਲ ਤੋਂ ਰੂਰਲ ਸਕਿੱਲ ਸੈਂਟਰ ਬੱਬੇਹਾਲੀ, ਕਾਹਨੂੰਵਾਨ, ਕਾਦੀਆਂ ਅਤੇ ਨੌਸ਼ਹਿਰਾ ਮੱਝਾ ਸਿੰਘ ਵਿੱਚ ਜੋ ਜਨਰਲ ਡਿਊਟੀ ਅਸਿਸਟੈਂਟ ਦਾ ਕੋਰਸ ਸ਼ੂਰੂ ਕੀਤੇ ਜਾਣੇ ਸਨ, ਮੁੱਖ ਦਫ਼ਤਰ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਪ੍ਰਸ਼ਾਸਨਿਕ ਅਤੇ ਤਕਨੀਕੀ ਕਾਰਨਾਂ ਕਰਕੇ ਇਸ ਕੋਰਸ ਦੀ ਜਗ੍ਹਾ ਤੇ ਡਾਮੈਸਟਿਕ ਡਾਟਾ ਐਂਟਰੀ ਆਪਰੇਟਰ ਦਾ ਕੋਰਸ ਕਰਵਾਇਆ ਜਾਵੇਗਾ।
ਇਸ ਸਬੰਧੀ ਸੂਚਨਾ ਦਿੰਦੇ ਹੋਏ ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਪ੍ਰਸ਼ੋਤਮ ਸਿੰਘ ਜੀ ਨੇ ਦੱਸਿਆ ਕਿ ਇਸ ਕੋਰਸ ਵਿੱਚ ਭਰਤੀ ਹੋਣ ਲਈ ਨੌਜਵਾਨਾਂ ਦੀ ਵਿੱਦਿਅਕ ਯੋਗਤਾ ਘੱਟ ਤੋਂ ਘੱਟ 10ਵੀਂ ਪਾਸ ਹੋਈ ਜ਼ਰੂਰੀ ਹੈ ਅਤੇ ਉਮਰ 18 ਤੋਂ 40 ਸਾਲ ਵਿਚਕਾਰ ਹੋਣੀ ਚਾਹੀਦੀ ਹੈ।ਇਹ ਕੋਰਸ ਰੂਰਲ ਸਕਿੱਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਅਤੇ ਸਰਕਾਰੀ ਹਾਈ ਸਕੂਲ ਬੱਬੇਹਾਲੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰੋਗਰਾਮ ਦੇ ਫ਼ਰੀ ਸਕਿੱਲ ਕੋਰਸ ਦੇ ਨਾਲ-ਨਾਲ ਉਨ੍ਹਾਂ ਦੇ ਵਿਅਕਤੀਤਵ ਵਿਕਾਸ,ਆਪਣੇ ਆਪ ਵਿਚ ਨਿਖਾਰ, ਇੰਟਰਵਿਊ ਤੇ ਸਰੀਰਕ ਭਾਸ਼ਾ ਦੇ ਸੁਧਾਰ ਸਬੰਧੀ ਵੀ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਨਾਲ ਹੀ ਮੁਫ਼ਤ ਵਰਦੀਆਂ, ਕਿਤਾਬਾਂ ਅਤੇ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ ਅਤੇ ਟਰੇਨਿੰਗ ਤੋਂ ਬਾਅਦ ਪਾਸ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਉਪਰੰਤ ਵੱਖ-ਵੱਖ ਨਿੱਜੀ ਕੰਪਨੀਆਂ ਵਿੱਚ ਨੌਕਰੀ ਦੇ ਮੌਕੇ ਦਿੱਤੇ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਇਸ ਟਰੇਨਿੰਗ ਲਈ ਵਧੇਰੇ ਜਾਣਕਾਰੀ ਲਈ ਉਪਰੋਕਤ ਸੈਂਟਰਾਂ ਤੋ ਇਲਾਵਾ ਕਿਸੇ ਵੀ ਕੰਮ ਵਾਲੇ ਦਿਨ ਸ੍ਰੀ ਚਾਂਦ ਠਾਕੁਰ ਬਲਾਕ ਮਿਸ਼ਨ ਮੈਨੇਜਰ,ਪੰਜਾਬ ਹੁਨਰ ਵਿਕਾਸ ਮਿਸ਼ਨ ਬਰਾਂਚ ਨੂੰ ਕਮਰਾ ਨੰਬਰ 217, ਬੀ ਬਲਾਕ,ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।