ਸ਼ਹਿਰ ਵਿੱਚ ਮੁੜ ਤੋਂ ਲੱਗਣਗੇ ਕੂੜੇ ਦੇ ਢੇਰ, ਨਗਰ ਕੌਂਸਲ ਕਰਮਚਾਰੀਆਂ ਨੇ ਪ੍ਰਸ਼ਾਸਨ ਨੂੰ ਦਿੱਤਾ 72 ਘੰਟੇ ਦਾ ਅਲਟੀਮੇਟਮ
- ਸ਼ਹਿਰ ਨਿਵਾਸੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ _ਏਡੀਸੀ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 15 ਜਨਵਰੀ 2025 - ਨਗਰ ਕੌਂਸਲ ਕਰਮਚਾਰੀਆਂ ਨੇ ਪ੍ਰਸ਼ਾਸਨ ਨੂੰ 72 ਘੰਟੇ ਦਾ ਅਲਟੀਮੇਟਮ ਦੇ ਦਿੱਤਾ ਹੈ ਕਿ ਕੂੜਾ ਡੰਪ ਕਰਨ ਲਈ ਕੋਈ ਜਗ੍ਹਾ ਮੁਹਈਆ ਕਰਵਾਏ ਨਹੀਂ ਤਾਂ ਉਹ ਘਰਾਂ ਵਿੱਚੋਂ ਕੂੜਾ ਚੁੱਕਣਾ ਬੰਦ ਕਰ ਦੇਣਗੇ । ਦੱਸ ਦਈਏ ਕਿ ਸ਼ਹਿਰ ਵਿੱਚ ਕਈ ਜਗ੍ਹਾਵਾਂ ਤੇ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਅਤੇ ਜੇਕਰ ਨਗਰ ਕੌਂਸਲ ਕਰਮਚਾਰੀ ਕੂੜਾ ਨਹੀਂ ਚੁੱਕਣਗੇ ਤਾਂ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਨਜ਼ਰ ਆਉਣਗੇ। ਨਗਰ ਕੌਂਸਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਿੰਡ ਬਬੱਰੀ ਵਿਖੇ ਇੱਕ ਡੰਪ ਦੀ ਜਗ੍ਹਾ ਠੇਕੇ ਤੇ ਲਈ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਉਸ ਜਗ੍ਹਾ ਤੇ ਕੂੜਾ ਸੁੱਟਣਾ ਬੰਦ ਕਰਵਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਤੱਕ ਕੋਈ ਜਗ੍ਹਾ ਕੂੜਾ ਡੰਪ ਕਰਨ ਲਈ ਮੁਹਈਆ ਨਹੀਂ ਕਰਵਾਈ ਗਈ ਹੈ।
ਨਗਰ ਕੌਂਸਲ ਕਰਮਚਾਰੀਆਂ ਵੱਲੋਂ ਅੱਜ ਇਸ ਸਬੰਧ ਵਿੱਚ ਇੱਕ ਮੰਗ ਪੱਤਰ ਐਸਡੀਐਮ ਗੁਰਦਾਸਪੁਰ ਨੂੰ ਦਿੱਤਾ ਗਿਆ। ਮੰਗ ਪੱਤਰ ਦੇਣ ਤੋਂ ਬਾਅਦ ਨਗਰ ਕੌਂਸਲ ਯੂਨੀਅਨ ਦੇ ਅਹੁਦੇਦਾਰ ਵਿਪਨ ਕੁਮਾਰ ਨੇ ਕਿਹਾ ਕਿ ਪੰਜ ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਠੇਕੇ ਤੇ ਲਈ ਗਈ ਜਗ੍ਹਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੂੜਾ ਨਾ ਸੁੱਟਣ ਦੀ ਹਿਦਾਇਤ ਦਿੱਤੀ ਗਈ ਸੀ ਅਤੇ ਡੰਪ ਲਈ ਨਵੀਂ ਜਗਹਾ ਮੁਹਈਆ ਕਰਵਾਉਣ ਲਈ ਕਿਹਾ ਗਿਆ ਸੀ। ਨਗਰ ਕੌਂਸਲ ਵੱਲੋਂ ਪਿਛਲੇ ਪੰਜ ਮਹੀਨੇ ਤੋਂ ਸ਼ਹਿਰ ਦੇ ਬਾਹਰਵਾਰ ਕਦੀ ਕਿਤੇ ਅਤੇ ਕਦੀ ਕਿਤੇ ਕੂੜਾ ਸੁੱਟ ਕੇ ਸਮਾਂ ਕੱਢਿਆ ਜਾ ਰਿਹਾ ਸੀ ਪਰ ਹੁਣ ਕਿਤੇ ਵੀ ਜਗ੍ਹਾ ਨਹੀਂ ਮਿਲ ਰਹੀ, ਇਸ ਲਈ ਅੱਜ ਪ੍ਰਸ਼ਾਸਨ ਨੂੰ ਨੋਟਿਸ ਦਿੱਤਾ ਗਿਆ ਹੈ ਕਿ ਜਾਂ ਤਾਂ ਕੂੜਾ ਸੁੱਟਣ ਲਈ ਯੋਗ ਜਗ੍ਹਾ ਮੁਹਾਈਆ ਕਰਵਾਈ ਜਾਏ ਨਹੀਂ ਤਾਂ 72 ਘੰਟਿਆਂ ਬਾਅਦ ਉਹ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਚੁੱਕਣਾ ਬੰਦ ਕਰ ਦੇਣਗੇ।
ਦੂਜੇ ਪਾਸੇ ਜਦੋਂ ਇਸ ਬਾਰੇ ਏਡੀਸੀ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਲਾਨੌਰ ਵਿਖੇ ਇੱਕ ਡੰਪ ਦੇਖ ਲਿਆ ਗਿਆ ਹੈ ਅਤੇ ਜਲਦੀ ਹੀ ਉੱਥੇ ਕੂੜਾ ਸੁੱਟਵਾਣਾ ਸ਼ੁਰੂ ਕਰ ਦਿੱਤਾ ਜਾਵੇਗਾ।