ਇੱਕ ਤੇ ਇੱਕ ਗਿਆਰਾਂ ਹੋਣ ਨਾਲ ਸ਼ਹਿਰ ਦਾ ਵਿਕਾਸ ਜ਼ੋਰਾਂ ’ਤੇ ਹੋਵੇਗਾ : ਅਜੀਤਪਾਲ ਸਿੰਘ ਕੋਹਲੀ
- ਨਵ-ਨਿਯੁਕਤ ਮੇਅਰ ਕੁੰਦਨ ਗੋਗੀਆ ਵੱਲੋਂ ਵਿਧਾਇਕ ਕੋਹਲੀ ਨਾਲ ਮੁਲਾਕਾਤ
ਪਟਿਆਲਾ, 15 ਜਨਵਰੀ 2025 - ਨਗਰ ਨਿਗਮ ਪਟਿਆਲਾ ਦੇ ਨਵ-ਨਿਯੁਕਤ ਮੇਅਰ ਕੁੰਦਨ ਗੋਗੀਆ ਵੱਲੋਂ ਅੱਜ ਇੱਥੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਦੋਹਾਂ ਵੱਲੋਂ ਲੰਮਾ ਸਮਾਂ ਸ਼ਹਿਰ ਦੀ ਬੇਹਤਰੀ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਮਿਲ ਕੇ ਕੰਮ ਕਰਨ ਲਈ ਵਿਚਾਰ ਵਟਾਂਦਰਾ ਹੋਇਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇੱਕ ਤੇ ਇੱਕ ਗਿਆਰਾਂ ਹੋਣ ਨਾਲ ਹੁਣ ਸ਼ਹਿਰ ਦਾ ਵਿਕਾਸ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਪਹਿਲਾਂ ਵੀ ਸ਼ਹਿਰ ਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ, ਪਰ ਜਦੋਂ ਨਾਲ ਬਰਾਬਰ ਦਾ ਸਾਥ ਮਿਲ ਜਾਵੇ ਤਾਂ ਰਹਿੰਦੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਹਨ।
ਵਿਧਾਇਕ ਕੋਹਲੀ ਨੇ ਕਿਹਾ ਕਿ ਪਾਰਟੀ ਇੱਕ ਬਹੁਤ ਵਧੀਆ ਅਤੇ ਤਜ਼ਬੇਕਾਰ ਮੇਅਰ ਸ਼ਹਿਰ ਨੂੰ ਦਿੱਤਾ ਹੈ, ਜਿਸ ਦੇ ਉਪਰ ਸਮੁੱਚੇ ਕੌਂਸਲਰਾਂ ਨੇ ਵਿਸ਼ਵਾਸ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕੁੰਦਨ ਗੋਗੀਆ ਸ਼ਹਿਰ ਦੀ ਬੇਹਤਰੀ ਲਈ ਦਿਨ-ਰਾਤ ਇੱਕ ਕਰਨਗੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਪਾਰਟੀ ਲਈ ਚੰਗਾ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਬਣਦਾ ਹੱਕ ਦੇਣ ਵਿਚ ਵਿਸ਼ਵਾਸ਼ ਰੱਖਦੀ ਹੈ, ਜੋ ਕਿ ਹੁਣ ਵੀ ਮੇਅਰ ਬਨਾਉਣ ਲਈ ਅਜਿਹਾ ਹੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਕਿਉਂਕਿ ਸ਼ਹਿਰ ਦੇ ਹਰ ਪਾਸੇ ਪਿਛਲੀਆਂ ਸਰਕਾਰਾਂ ਨੇ ਕੂੜੇ ਕਰਕਟ ਦੇ ਢੇਰ ਲਗਾਏ, ਜਿਸ ਨਾਲ ਸੁੰਦਰਤਾ ਖਰਾਬ ਹੋਈ। ਇਸ ਲਈ ਹੁਣ ਸੁੰਦਰਤਾ ਬਹਾਲ ਕਰਨ ਲਈ ਅਸੀਂ ਇੱਕ ਹੋ ਕੇ ਕੰਮ ਕਰਾਂਗੇ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੈਨੂੰ ਜੋ ਪਾਰਟੀ ਅਤੇ ਕੌਂਸਲਰਾਂ ਨੇ ਵਿਸ਼ਵਾਸ਼ ਕਰਕੇ ਇਸ ਅਹੁਦੇ ’ਤੇ ਬਿਠਾਇਆ ਹੈ, ਮੈਂ ਉਨ੍ਹਾਂ ਦਾ ਦਿਲੋਂ ਸਨਮਾਨ ਕਰਦਾਂ ਹਾਂ ਅਤੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਹਰ ਕੰਮ ਵੱਧ ਚੜ੍ਹ ਕੇ ਕਰਾਂਗਾ ਅਤੇ ਵਿਕਾਸ ਨੂੰ ਪਹਿਲੇ ਏਜੰਡੇ ਵਿਚ ਤਰਜੀਹ ਦੇਵਾਂਗਾ।