ਦੋਸਤੀ ਤੋਂ ਇਨਕਾਰ ਕਰਨ ਤੇ ਆਸ਼ਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੜਕੀ ਦੇ ਘਰ ਦਾਖਲ ਹੋ ਕੀਤਾ ਹਮਲਾ, ਪਰਚਾ ਦਰਜ
ਦੀਪਕ ਜੈਨ
ਜਗਰਾਉਂ, 1ਜਨਵਰੀ 2025 - ਲੜਕੇ ਵੱਲੋਂ ਕੀਤੀ ਗਈ ਦੋਸਤੀ ਦੀ ਪ੍ਰਪੋਜਲ ਜਦੋਂ ਲੜਕੀ ਵੱਲੋਂ ਠੁਕਰਾ ਦਿੱਤੀ ਗਈ ਤਾਂ ਲੜਕੇ ਨੇ ਤੈਸ਼ ਵਿੱਚ ਆ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਲੜਕੀ ਦੇ ਘਰ ਉੱਪਰ ਹਮਲਾ ਕਰ ਦਿੱਤਾ ਅਤੇ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਖਮੀ ਕਰ ਦਿੱਤਾ। ਜਿਸ ਦਾ ਮੁਕਦਮਾ ਥਾਣਾ ਸਿਟੀ ਜਗਰਾਉਂ ਵਿਖੇ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਜਗਰਾਉਂ ਦੇ ਮੁਖੀ ਅਮਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਣੀ ਵਾਲਾ ਖੂਹ ਦੀ ਰਹਿਣ ਵਾਲੀ 17 ਸਾਲਾ ਨਬਾਲਗ ਲੜਕੀ ਰਜਨੀ ਪੁੱਤਰੀ ਰਾਮਪਾਲ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਜਿਸ ਵਿੱਚ ਰਜਨੀ ਨੇ ਆਪਣੇ ਬਿਆਨ ਲਿਖਵਾਏ ਹਨ ਕਿ ਉਹ ਪਲਸ ਟੂ ਵਿੱਚ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿੱਚ ਪੜ੍ਹਦੀ ਹੈ।
ਬੀਤੀ 15 ਦਸੰਬਰ ਨੂੰ ਉਹ ਆਪਣੇ ਪਰਿਵਾਰ ਸਮੇਤ ਆਪਣੇ ਘਰ ਵਿੱਚ ਰੋਟੀ ਪਾਣੀ ਖਾ ਕੇ ਸੁੱਤੇ ਪਏ ਸਨ ਤਾਂ ਰਾਤ ਤਕਰੀਬਨ ਸਾਢੇ ਕੁ 10 ਵਜੇ ਉਨਾਂ ਦੇ ਗੇਟ ਦੇ ਉੱਪਰ ਕਿਸੇ ਨੇ ਕੋਈ ਚੀਜ਼ ਮਾਰੀ ਜਿਸ ਦੇ ਖੜਕੇ ਕਾਰਨ ਸਾਰਾ ਪਰਿਵਾਰ ਉੱਠ ਖੜਿਆ ਅਤੇ ਜਦੋਂ ਉਹਨਾਂ ਨੇ ਗੇਟ ਖੜਕਾਉਣ ਵਾਲੇ ਬਾਰੇ ਚੈੱਕ ਕੀਤਾ ਤਾਂ ਉਹਨਾਂ ਦੇ ਗੇਟ ਉੱਪਰ ਤਿੱਖੇ ਹਥਿਆਰ ਵੱਜ ਰਹੇ ਸਨ ਅਤੇ ਘਰ ਦੇ ਬਾਹਰ ਖੜੇ 8-10 ਲੜਕੇ ਇੱਟਾਂ ਰੋੜੇ ਉਹਨਾਂ ਦੇ ਘਰ ਵੱਲ ਸੁੱਟ ਰਹੇ ਸਨ। ਉਕਤ ਲੜਕੇ ਧੱਕੇ ਨਾਲ ਘਰ ਦਾ ਦਰਵਾਜ਼ਾ ਖੋਲ ਕੇ ਰਜਨੀ ਦੇ ਘਰ ਅੰਦਰ ਦਾਖਲ ਹੋ ਗਏ। ਰਜਨੀ ਮੁਤਾਬਕ ਹਰੇਕ ਲੜਕੇ ਦੇ ਹੱਥ ਵਿੱਚ ਕੋਈ ਨਾ ਕੋਈ ਹਥਿਆਰ ਪਕੜਿਆ ਹੋਇਆ ਸੀ।
ਇਹਨਾਂ ਵਿੱਚੋਂ ਅਜੇ ਗਿੱਲ ਨੇ ਇੱਕ ਬੋਤਲ ਵਗਾ ਕੇ ਉਸ ਵੱਲ ਸੁੱਟੀ ਅਤੇ ਜਿਸ ਕਾਰਨ ਰਜਨੀ ਜਖਮੀ ਹੋ ਗਈ। ਜਦੋਂ ਰਜਨੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾਂ ਉਕਤ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਰਜਨੀ ਮੁਤਾਬਕ ਇਹ ਹਮਲਾ ਉਸ ਨਾਲ ਰੰਜਿਸ਼ ਰੱਖਣ ਵਾਲੇ ਅਜੇ ਗਿੱਲ ਪੁੱਤਰ ਕਾਕਾ ਡੋਨ ਵੱਲੋਂ ਕਰਵਾਇਆ ਗਿਆ ਹੈ ਅਤੇ ਇਸ ਦੀ ਵਜਹਾ ਰਜਨੀ ਨੇ ਇਹ ਦੱਸੀ ਹੈ ਕਿ ਅਜੇ ਉਸ ਨੂੰ ਸਕੂਲ ਜਾਂਦੇ ਰਸਤੇ ਵਿੱਚ ਘੇਰ ਕੇ ਉਸ ਨਾਲ ਛੇੜਖਾਨੀ ਕਰਦਾ ਸੀ ਅਤੇ ਉਸ ਨੂੰ ਆਖਦਾ ਸੀ ਕਿ ਰਜਨੀ ਅਜੇ ਨਾਲ ਦੋਸਤੀ ਕਰੇ ਪਰ ਜਦੋਂ ਰਜਨੀ ਨੇ ਉਸ ਨੂੰ ਇਨਕਾਰ ਕਰ ਦਿੱਤਾ ਅਤੇ ਇਸ ਬਾਰੇ ਆਪਣੇ ਮਾਂ ਬਾਪ ਨੂੰ ਘਰ ਆ ਕੇ ਦੱਸ ਦਿੱਤਾ ਤਾਂ ਉਸ ਦੇ ਪਿਤਾ ਰਾਮਪਾਲ ਵੱਲੋਂ ਇਸ ਦੀ ਸ਼ਿਕਾਇਤ ਅਜੇ ਦੇ ਬਾਪ ਨੂੰ ਕੀਤੀ ਜਿਸ ਕਾਰਨ ਅਜੇ ਆਪਣੇ ਮਨ ਵਿੱਚ ਰਜਨੀ ਪ੍ਰਤੀ ਖੁੰਦਕ ਰੱਖਣ ਲੱਗ ਗਿਆ ਸੀ।
ਇਸੇ ਖੁੰਦਕ ਕਾਰਨ ਅਜੇ ਗਿੱਲ ਵੱਲੋਂ ਆਪਣੇ ਸਾਥੀ ਕਰਨ ਗਿੱਲ ਪੁੱਤਰ ਜੁੰਮਣ ਸਿੰਘ, ਬਬਲੂ ਪੁੱਤਰ ਬੰਗਾ, ਦੀਪੂ ਗਿੱਲ ਪੁੱਤਰ ਰਾਜੂ, ਸਤਨਾਮ ਸਿੰਘ ਉਰਫ ਕੰਮਾ ਪੁੱਤਰ ਕਿਸ਼ਨ ਲਾਲ, ਮੀਟਾ ਪੁੱਤਰ ਕਿਸਨ ਲਾਲ ਸਾਰੇ ਵਾਸੀ ਜਗਰਾਉਂ ਅਤੇ ਦੋ ਤਿੰਨ ਅਣਪਛਾਤੇ ਵਿਅਕਤੀ ਨਾਲ ਲੈ ਕੇ ਰਜਨੀ ਦੇ ਘਰ ਆ ਗਿਆ ਅਤੇ ਰਜਨੀ ਨੂੰ ਜਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਰਜਨੀ ਦੀ ਸ਼ਿਕਾਇਤ ਉੱਪਰ ਉਪਰੋਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।