ਵਾਰਡ ਨੰਬਰ 48 ਤੋਂ ਜਿੱਤੇ ਪਦਮਜੀਤ ਮਹਿਤਾ ਨੇ ਨਵੇਂ ਸਾਲ ਮੌਕੇ ਲੋੜਵੰਦਾਂ ਨੂੰ ਵੰਡੇ ਗਰਮ ਕੰਬਲ
ਅਸ਼ੋਕ ਵਰਮਾ
ਬਠਿੰਡਾ, 1 ਜਨਵਰੀ 2025: ਵਾਰਡ ਨੰ: 48 ਤੋਂ ਇਤਿਹਾਸਕ ਅਮਰ ਜਿੱਤ ਤੋਂ ਬਾਅਦ ਵਾਰਡ ਨੰ: 48 ਦੇ ਕੌਂਸਲਰ ਪਦਮਜੀਤ ਮਹਿਤਾ ਨੇ ਨਵੇਂ ਸਾਲ 2025 ਦੇ ਪਹਿਲੇ ਦਿਨ ਸਮਾਜ ਸੇਵਾ ਨਾਲ ਆਪਣੀ ਸਿਆਸੀ ਪਾਰੀ ਦੀ ਇਤਿਹਾਸਕ ਸ਼ੁਰੂਆਤ ਕੀਤੀ। ਅੱਜ ਨਵੇਂ ਸਾਲ 2025 ਦੀ 1 ਜਨਵਰੀ ਨੂੰ ਪਦਮਜੀਤ ਮਹਿਤਾ ਨੇ ਵਾਰਡ ਨੰਬਰ 48 ਦੇ ਨਿਵਾਸੀਆਂ ਨੂੰ ਹਰ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਰਾਜੀਵ ਗਾਂਧੀ ਕਲੋਨੀ ਦੇ ਐਸਸੀਐਫ 11 ਵਿੱਚ ਆਪਣੇ ਦਫਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਮਹਿਤਾ ਪਰਿਵਾਰ ਵੱਲੋਂ ਸ਼ੁਰੂ ਕੀਤੀ ਸਮਾਜ ਸੇਵਾ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਇਲਾਕੇ ਦੇ ਲੋੜਵੰਦ ਲੋਕਾਂ ਨੂੰ 500 ਤੋਂ ਵੱਧ ਗਰਮ ਕੰਬਲ ਵੰਡੇ ਗਏ। ਸਮਾਗਮ ਦੀ ਸ਼ੁਰੂਆਤ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਕੀਤੀ।
ਇਸ ਦੌਰਾਨ ‘ਆਪ’ ਦੇ ਚੇਅਰਮੈਨ ਅਤੇ ਪੰਜਾਬ ਬੁਲਾਰੇ ਨੀਲ ਗਰਗ, ਚੇਅਰਮੈਨ ਐਡਵੋਕੇਟ ਨਵਦੀਪ ਜੀਦਾ, ਸਮਾਜ ਸੇਵੀ ਬਲਜੀਤ ਸਿੰਘ ਢਿੱਲੋਂ ਨਰੂਆਣਾ ਅਤੇ ਉਨ੍ਹਾਂ ਦੀ ਪਤਨੀ ਸਿਮਰਜੀਤ ਕੌਰ, ਕੌਂਸਲਰ ਰਤਨ ਰਾਹੀ, ਸਾਬਕਾ ਕੌਂਸਲਰ ਅਸ਼ਵਨੀ ਬੰਟੀ, ‘ਆਪ’ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਨਿਮਰਤ ਕੌਰ, ਐਡਵੋਕੇਟ ਸੂਰਿਆਕਾਂਤ ਸਿੰਗਲਾ, ਰਾਜੀਵ ਗਾਂਧੀ ਕਲੋਨੀ ਪ੍ਰਧਾਨ ਦੇਵਰਾਜ, ਹੈਪੀ, ਰਜਿੰਦਰ ਗੋਰਾ, ਬਲਰਾਜ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐਸ. ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਮਹਿਤਾ ਪਰਿਵਾਰ ਵੱਲੋਂ ਸਮਾਜਿਕ ਅਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵਾਰਡ ਨੰ. 48 ਦੇ ਨਵੇਂ ਚੁਣੇ ਗਏ ਕੌਂਸਲਰ ਪਦਮਜੀਤ ਮਹਿਤਾ ਨੇ ਨਵੇਂ ਸਾਲ 2025 ਦੇ ਸ਼ੁਭੰਰਭ ਮੌਕੇ ਆਪਣਾ ਦਫ਼ਤਰ ਸ਼ੁਰੂ ਕਰਦੇ ਹੋਏ ਲੋੜਵੰਦਾਂ ਨੂੰ ਕੰਬਲ ਵੰਡ ਕੇ ਆਪਣੇ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਸਮਾਜ ਸੇਵਾ ਦੀ ਪਰੰਪਰਾ ਨੂੰ ਅੱਗੇ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਮਹਿਤਾ ਪਰਿਵਾਰ ਦਾ ਉਪਰੋਕਤ ਕਾਰਜ ਸ਼ਲਾਘਾਯੋਗ ਕਦਮ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਪਦਮਜੀਤ ਮਹਿਤਾ ਇਸ ਵਾਰਡ ਦੀ ਬਿਹਤਰੀ ਲਈ ਇਤਿਹਾਸਕ ਕੰਮ ਕਰਨਗੇ। ਡੀਸੀ ਨੇ ਕਿਹਾ ਕਿ ਇਸ ਸਮੇਂ ਬਠਿੰਡਾ ਵਿੱਚ ਰਿਕਾਰਡਤੋੜ ਠੰਢ ਪੈ ਰਹੀ ਹੈ, ਜਿਸ ਦੇ ਮੱਦੇਨਜ਼ਰ ਪੀਸੀਏ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਗਰਮ ਕੰਬਲ ਵੰਡਣ ਦਾ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਹਿਤਾ ਪਰਿਵਾਰ ਵੱਲੋਂ ਇਲਾਕੇ ਦੇ ਵਿਕਾਸ ਲਈ ਵਾਰਡ ਵਾਸੀਆਂ ਨੂੰ ਗਾਰੰਟੀਆਂ ਦਿੱਤੀਆਂ ਗਈਆਂ ਹਨ ਅਤੇ ਉਕਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਪਦਮਜੀਤ ਮਹਿਤਾ ਵੱਲੋਂ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਡੀਸੀ ਨੇ ਕਿਹਾ ਕਿ ਇਸ ਇਲਾਕੇ ਦੀ ਬਿਹਤਰੀ ਲਈ ਕੌਂਸਲਰ ਪਦਮਜੀਤ ਮਹਿਤਾ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਦੌਰਾਨ ਕੌਂਸਲਰ ਪਦਮਜੀਤ ਮਹਿਤਾ ਦੇ ਪਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਹੀ ਬਠਿੰਡਾ ਦੀ ਭਲਾਈ ਲਈ ਉਪਰਾਲੇ ਕੀਤੇ ਹਨ ਅਤੇ ਹੁਣ ਤਾਂ ਉਨ੍ਹਾਂ ਦੇ ਬੇਟੇ ਪਦਮਜੀਤ ਮਹਿਤਾ ਵੀ ਕੌਂਸਲਰ ਬਣਕੇ ਰਾਜਨੀਤੀ ਵਿੱਚ ਆ ਗਏ ਹਨ, ਅਜਿਹੇ ਵਿੱਚ ਬਠਿੰਡਾ ਦਾ ਸਰਬਪੱਖੀ ਵਿਕਾਸ ਕਰਵਾਉਣਾ ਮਹਿਤਾ ਪਰਿਵਾਰ ਦਾ ਮਿਸ਼ਨ ਹੋਵੇਗਾ। ਉਨ੍ਹਾਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਵਾਰਡ ਨੰਬਰ 48 ਨੂੰ ਮਾਡਲ ਵਾਰਡ ਬਣਾਇਆ ਜਾਵੇਗਾ, ਜਿਸ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਗਲੇ ਇਕ ਸਾਲ ਵਿਚ ਮਹਿਤਾ ਪਰਿਵਾਰ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਵਾਰਡ ਨੰ: 48 ਦੇ ਕੌਂਸਲਰ ਪਦਮਜੀਤ ਮਹਿਤਾ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਮਹਿਤਾ ਪਰਿਵਾਰ ਦਾ ਮਿਸ਼ਨ ਬਠਿੰਡਾ ਦੀ ਸੇਵਾ ਕਰਨਾ ਰਿਹਾ ਹੈ ਅਤੇ ਅੱਜ ਵਾਰਡ ਨੰ: 48 ਵਿੱਚ ਬਤੌਰ ਕੌਂਸਲਰ ਦਫ਼ਤਰ ਦਾ ਸਮਾਜ ਸੇਵਾ ਦੇ ਤੌਰ 'ਤੇ ਸ਼ੁਭ ਆਰੰਭ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਇਸ ਵਾਰਡ ਨੂੰ ਹਰ ਸਮੱਸਿਆ ਤੋਂ ਮੁਕਤ ਕਰਵਾਉਣਾ ਹੈ ਅਤੇ ਉਹ ਇਸ ਇਲਾਕੇ ਦਾ ਵਿਕਾਸ ਸਿਆਸਤਦਾਨ ਵਜੋਂ ਨਹੀਂ, ਸਗੋਂ ਸਮਾਜ ਸੇਵਕ ਵਜੋਂ ਕਰਨਗੇ। ਉਨ੍ਹਾਂ ਕਿਹਾ ਕਿ ਜੋ ਸਕੂਨ ਸਮਾਜ ਸੇਵਾ ਕਰਨ ਨਾਲ ਮਿਲਦਾ ਹੈ, ਉਹ ਹੋਰ ਕਿਸੇ ਕੰਮ ਕਰਨ ਨਾਲ ਨਹੀਂ ਮਿਲਦਾ ਅਤੇ ਅੱਜ ਉਨ੍ਹਾਂ ਨੇ ਆਪਣੇ ਵਾਰਡ ਦੇ ਲੋੜਵੰਦਾਂ ਨੂੰ ਕੰਬਲ ਵੰਡ ਕੇ ਸੇਵਾ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜੇ ਕੌਂਸਲਰ ਵਜੋਂ ਸਹੁੰ ਵੀ ਨਹੀਂ ਚੁੱਕੀ, ਫਿਰ ਵੀ ਵਾਰਡ ਨੰਬਰ 48 ਦੇ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵਿੱਚ 24 ਘੰਟੇ ਸਟਾਫ਼ ਮੌਜੂਦ ਰਹੇਗਾ, ਸਾਬਕਾ ਕੌਂਸਲਰ ਅਸ਼ਵਨੀ ਬੰਟੀ ਅਤੇ ਕੌਂਸਲਰ ਰਤਨ ਰਾਹੀ ਵੀ ਉਨ੍ਹਾਂ ਨਾਲ ਦਫ਼ਤਰ ਵਿੱਚ ਮੌਜੂਦ ਰਹਿਣਗੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਕੰਮ ਲਈ ਦਫ਼ਤਰ ਆਉਣ, ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਉਚਿਤ ਹੱਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਇਲਾਕੇ ਨੂੰ ਸਮੱਸਿਆਵਾਂ ਤੋਂ ਮੁਕਤ ਕਰਨ ਲਈ ਉਨ੍ਹਾਂ ਦੀ ਟੀਮ ਹਰ ਸਮੱਸਿਆ ਦਾ ਬਾਰੀਕੀ ਨਾਲ ਨਿਰੀਖਣ ਕਰ ਰਹੀ ਹੈ ਅਤੇ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਹੱਲ ਕਰਵਾ ਰਹੀ ਹੈ।