ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਲੀਨ ਐਂਡ ਗਰੀਨ ਮੁਹਿੰਮ ਤਹਿਤ ਪਿੰਡਾਂ ਦੀਆਂ ਸੜਕਾਂ ਦੀ ਸਫ਼ਾਈ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ, 24 ਦਸੰਬਰ 2024 - ਭਾਰਤੀ ਫ਼ੌਜ ਦੀ ਪੈਂਥਰ ਡਿਵੀਜ਼ਨ, ਵਜਰਾ ਕੋਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਾਂਝੇ ਤੌਰ `ਤੇ ਤਿੱਬੜੀ ਮਿਲਟਰੀ ਸਟੇਸ਼ਨ ਨਾਲ ਲੱਗਦੇ ਪਿੰਡਾਂ ਵਿੱਚ ਚਲਾਈ ਜਾ ਰਹੀ ਕਲੀਨ ਐਂਡ ਗਰੀਨ ਮੁਹਿੰਮ ਤਹਿਤ ਅੱਜ ਤਿੱਬੜੀ ਮਿਲਟਰੀ ਸਟੇਸ਼ਨ ਦੇ ਗੇਟ ਨੰਬਰ ਇੱਕ ਤੋਂ ਪੈਟਰੋਲ ਪੰਪ ਚਾਵੇ ਤੱਕ ਸੜਕ ਦੀ ਸਫ਼ਾਈ ਕੀਤੀ ਗਈ। ਇਸ ਮੁਹਿੰਮ ਵਿੱਚ ਫ਼ੌਜ ਦੇ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀ ਸ਼ਾਮਲ ਹੋਏ। ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਸਥਾਨਿਕ ਨਿਵਾਸੀਆਂ ਦੀ ਮਦਦ ਨਾਲ ਸੜਕ ਕਿਨਾਰੇ ਪਏ ਕੂੜੇ ਨੂੰ ਸਾਫ਼ ਕੀਤਾ ਗਿਆ ਅਤੇ ਨਾਲ ਹੀ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਗਿਆ।
ਦੱਸਣਯੋਗ ਹੈ ਭਾਰਤੀ ਫ਼ੌਜ ਦੀ ਪੈਂਥਰ ਡਿਵੀਜ਼ਨ, ਵਜਰਾ ਕੋਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਾਂਝੇ ਤੌਰ `ਤੇ ਤਿੱਬੜੀ ਮਿਲਟਰੀ ਸਟੇਸ਼ਨ ਦੇ 5 ਕਿੱਲੋਮੀਟਰ ਦੇ ਦਾਇਰੇ ਵਿੱਚ ਪੈਂਦੇ ਪਿੰਡਾਂ ਵਿੱਚ ਚਲਾਈ ਜਾ ਰਹੀ ਕਲੀਨ ਐਂਡ ਗਰੀਨ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੌਰਾਨ ਲੋਕਾਂ ਨੂੰ ਆਪਣਾ ਚੌਗਿਰਦਾ ਸਾਫ਼-ਸੁਥਰਾ ਤੇ ਹਰਾ-ਭਰਾ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਪੌਦੇ ਵੀ ਲਗਾਏ ਜਾ ਰਹੇ ਹਨ ਲੋਕਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੱਧ ਵੀ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਫਰਵਰੀ 2025 ਤੱਕ ਚੱਲੇਗੀ।