ਪੀ.ਪੀ.ਸੀ.ਬੀ. ਨੇ 35 ਕਿਲੋਗਰਾਮ ਸਿੰਗਲ ਯੂਜ਼ ਪਲਾਸਟਿਕ ਤੇ ਕੈਰੀ ਬੈਗ ਕੀਤੇ ਜ਼ਬਤ, 25 ਚਲਾਨ ਕੀਤੇ
- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਿੰਗਲ ਯੂਜ਼ ਪਲਾਸਟਿਕ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਜਾਰੀ
- ਪੀ.ਪੀ.ਸੀ.ਬੀ. , ਨਗਰ ਨਿਗਮ ਤੇ ਨਗਰ ਪੰਚਾਇਤ ਦੇਵੀਗੜ੍ਹ, ਭਾਦਸੋਂ ਤੇ ਨਾਭਾ ਦੀਆਂ ਸਾਂਝੀਆਂ ਟੀਮਾਂ ਨੇ ਪਲਾਸਟਿਕ ਵਿਕਰੇਤਾਵਾਂ ਦੀ ਕੀਤੀ ਚੈਕਿੰਗ
ਪਟਿਆਲਾ, 24 ਦਸੰਬਰ 2024 - ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀ.ਪੀ.ਸੀ.ਬੀ.) ਦੇ ਰਿਜਨਲ ਦਫ਼ਤਰ ਵੱਲੋਂ ਨਗਰ ਨਿਗਮ ਅਤੇ ਨਗਰ ਪੰਚਾਇਤ ਦੇਵੀਗੜ੍ਹ, ਭਾਦਸੋਂ ਅਤੇ ਨਾਭਾ ਦੇ ਅਧਿਕਾਰੀਆਂ ਨਾਲ ਮਿਲ ਕੇ ਸਿੰਗਲ ਯੂਜ਼ ਪਲਾਸਟਿਕ, ਪਲਾਸਟਿਕ ਕੈਰੀ ਬੈਗ ਤੇ ਚਾਈਨਾ ਡੋਰ ਨੂੰ ਵੇਚਣ ਵਾਲਿਆਂ ਵਿਰੁੱਧ ਇੱਕ ਸਾਂਝੀ ਚੈਕਿੰਗ ਮੁਹਿੰਮ ਚਲਾਈ ਗਈ।
ਮੁਹਿੰਮ ਦੌਰਾਨ ਨਗਰ ਨਿਗਮ ਦੇ ਹੈਲਥ ਅਫ਼ਸਰ ਡਾ. ਨਵਿੰਦਰ, ਸੈਨੇਟਰੀ ਇੰਸਪੈਕਟਰ ਮੋਹਿਤ ਜਿੰਦਲ, ਸੈਨੇਟਰੀ ਇੰਸਪੈਕਟਰ ਰਣਧੀਰ ਸਿੰਘ, ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ, ਸੈਨੇਟਰੀ ਇੰਸਪੈਕਟਰ ਪੰਕਜ ਕੁਮਾਰ, ਐਸ.ਡੀ.ਓ., ਪੀ.ਪੀ.ਸੀ.ਬੀ.ਧਰਮਵੀਰ ਸਿੰਘ, ਜੇ.ਈ.ਈ., ਪੀ.ਪੀ.ਸੀ.ਬੀ. ਹਰਮਨਜੀਤ ਸਿੰਘ ਅਤੇ ਐਸ.ਡੀ.ਓ., ਪੀ.ਪੀ.ਸੀ.ਬੀ. ਮੋਹਿਤ ਸਿੰਗਲਾ ਟੀਮ ਵਿੱਚ ਮੌਜੂਦ ਸਨ।
ਨਿਰੀਖਣ ਦੌਰਾਨ ਟੀਮਾਂ ਵੱਲੋਂ ਕੁੱਲ 35 ਕਿੱਲੋਗਰਾਮ ਸਿੰਗਲ ਯੂਜ਼ ਪਲਾਸਟਿਕ ਅਤੇ ਕੈਰੀ ਬੈਗਾਂ ਨੂੰ ਜ਼ਬਤ ਕੀਤਾ ਗਿਆ, ਜਿਸ ਵਿੱਚੋਂ 20 ਕਿੱਲੋਗਰਾਮ ਪਟਿਆਲਾ ਤੋਂ, 10 ਕਿੱਲੋਗਰਾਮ ਦੇਵੀਗੜ੍ਹ ਤੋਂ ਅਤੇ 5 ਕਿੱਲੋਗਰਾਮ ਭਾਦਸੋਂ ਤੋਂ ਬਰਾਮਦ ਕੀਤੇ ਗਏ। ਇਸ ਦੇ ਨਾਲ 25 ਚਲਾਨ ਜਾਰੀ ਕੀਤੇ ਗਏ।
ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ ਨੇ ਦੱਸਿਆ ਚਾਈਨਾ ਡੋਰ ਨੂੰ ਦਾ ਭੰਡਾਰਨ ਕਰਨ ਵਾਲਿਆਂ ਤੇ ਵੇਚਣ ਵਾਲਿਆਂ ’ਤੇ ਪਾਬੰਦੀ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਪਹਿਲਾਂ ਹੀ ਧਾਰਾ 163 ਤਹਿਤ ਹੁਕਮ ਜਾਰੀ ਕੀਤੇ ਗਏ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਦੂਸ਼ਣ-ਮੁਕਤ ਮਾਹੌਲ ਬਣਾਉਣ ਲਈ ਸਹਿਯੋਗ ਦੇਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।