ਅੰਬੇਡਕਰ ਦੇ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾ ਰਹੇ ਰਾਹੁਲ ਗਾਂਧੀ : ਵਿਜੇ ਸਾਂਪਲਾ
- ਕਿਹਾ : ਹੋਛੀ ਰਾਜਨੀਤੀ ਕਰਨ ਵਾਲਿਆਂ ਤੋਂ ਸਾਵਧਾਨ ਰਹੇ ਦਲਿਤ ਸਮਾਜ
ਚੰਡੀਗੜ੍ਹ, ਦਸੰਬਰ 24, 2024 - ਕਾਂਗਰਸ ਪਾਰਟੀ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਅੰਬੇਡਕਰ ਵਿਰੋਧੀ ਸੋਚ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ। ਓਬੀਸੀ ਅਤੇ ਐਸਸੀ ਰਾਖਵੇਂਕਰਨ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਈ ਵਾਰ ਝੂਠੀਆਂ ਟਿੱਪਣੀਆਂ ਕੀਤੀਆਂ ਹਨ। ਜਾਤੀਵਾਦੀ ਰਾਜਨੀਤੀ ਕਰਕੇ ਉਹ ਦਲਿਤ ਭਾਈਚਾਰੇ ਨੂੰ ਤੋੜਨ ਅਤੇ ਉਸ ਵਿਚ ਅਸੰਤੋਸ਼ ਪੈਦਾ ਕਰਨ ਦਾ ਕੰਮ ਕਰ ਰਹੇ ਹਨ। ਇਹ ਕਾਂਗਰਸ ਪਾਰਟੀ ਦਾ ਇਤਿਹਾਸ ਹੈ ਅਤੇ ਰਾਹੁਲ ਇਸੇ ਇਤਿਹਾਸ ਦੇ ਸਹਾਰੇ ਆਪਣਾ ਸਿਆਸੀ ਭਵਿੱਖ ਬਣਾਉਣਾ ਚਾਹੁੰਦੇ ਹਨ। ਇਹ ਕਹਿਣਾ ਹੈ ਸਾਬਕਾ ਕੇਂਦਰੀ ਮੰਤਰੀ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਦਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਡਾ: ਭੀਮ ਰਾਓ ਅੰਬੇਡਕਰ ਦੇ ਨਾਮ ’ਤੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਪਰ ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਬਾਬਾ ਸਾਹੇਬ ਅਤੇ ਉਨ੍ਹਾਂ ਦੇ ਸਮਾਜਿਕ ਸਦਭਾਵਨਾ ਦੇ ਵਿਚਾਰ ਦਾ ਅਪਮਾਨ ਕੀਤਾ ਹੈ ਅਤੇ ਅੱਜ ਉਨ੍ਹਾਂ ਦੇ ਨਾਮ ’ਤੇ ਹੋਛੀ ਰਾਜਨੀਤੀ ਕਰ ਰਹੀ ਹੈ। ਦਲਿਤ ਸਮਾਜ ਨੂੰ ਅਜਿਹੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਾਂਪਲਾ ਨੇ ਕਿਹਾ ਕਿ ਕਾਂਗਰਸ ਦੀ ਅੰਬੇਡਕਰ ਵਿਰੋਧੀ ਸੋਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਬਾਬਾ ਸਾਹੇਬ ਨੇ ਕੇਂਦਰੀ ਮੰਤਰੀ ਮੰਡਲ ’ਚੋਂ ਅਸਤੀਫਾ ਦੇ ਦਿੱਤਾ ਸੀ ਤਾਂ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਬਾਬਾ ਸਾਹੇਬ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਸੀ ਕਿ ਨਹਿਰੂ ਸਰਕਾਰ ਨੇ ਉਨ੍ਹਾਂ ਨੂੰ ਵਿੱਤ ਅਤੇ ਉਦਯੋਗ ਵਰਗੇ ਆਪਣੇ ਮੁਹਾਰਤ ਵਾਲੇ ਮੰਤਰਾਲੇ ਨਹੀਂ ਦਿੱਤੇ ਅਤੇ ਹਿੰਦੂ ਕੋਡ ਬਿੱਲ ਵਰਗੇ ਮਹੱਤਵਪੂਰਨ ਬਿੱਲਾਂ ’ਤੇ ਕੰਮ ਕਰਨ ਤੋਂ ਰੋਕਿਆ ਗਿਆ। ਇੰਨਾ ਹੀ ਨਹੀਂ, ਕਾਂਗਰਸ ਪਾਰਟੀ ਨੇ ਬਾਬਾ ਸਾਹੇਬ ਦੇ ਅਸਤੀਫ਼ੇ ਦੇ ਪੱਤਰ ਨੂੰ ਜਨਤਾ ਦੇ ਸਾਹਮਣੇ ਨਹੀਂ ਆਉਣ ਦਿੱਤਾ ਕਿਉਂਕਿ ਇਸ ਨਾਲ ਨਹਿਰੂ ਅਤੇ ਕਾਂਗਰਸ ਦਾ ਪਰਦਾਫਾਸ਼ ਹੋ ਜਾਣਾ ਸੀ। ਪੰਡਿਤ ਨਹਿਰੂ ਦੀ ਚਿੱਠੀ ਦਾ ਹਵਾਲਾ ਦਿੰਦੇ ਹੋਏ
ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਸਾਹੇਬ ਦੇ ਅਸਤੀਫੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਅਤੇ ਇਹ ਕਾਂਗਰਸ ਦੀ ਸੋਚ ਦਾ ਪਰਦਾਫਾਸ਼ ਕਰਦਾ ਹੈ। ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਨੇ ਬਾਬਾ ਸਾਹੇਬ ਨੂੰ ਸਨਮਾਨਤ ਕੀਤਾ ਸੀ। ਉਧਰ ਦੂਜੇ ਪਾਸੇ ਕਾਂਗਰਸ ਨੇ 1952 ਦੀਆਂ ਲੋਕ ਸਭਾ ਚੋਣਾਂ ਅਤੇ 1954 ਦੀਆਂ ਉਪ ਚੋਣਾਂ ਵਿੱਚ ਬਾਬਾ ਸਾਹੇਬ ਨੂੰ ਹਰਾਉਣ ਦੀ ਸਾਜਿਸ਼ ਰਚੀ ਸੀ। ਇੰਨਾ ਹੀ ਨਹੀਂ ਕਾਂਗਰਸ ਨੇ ਬਾਬਾ ਸਾਹੇਬ ਨੂੰ ਭਾਰਤ ਰਤਨ ਵੀ ਨਹੀਂ ਦਿੱਤਾ। ਸਾਂਪਲਾ ਨੇ ਕਿਹਾ ਕਿ ਬਾਬਾ ਸਾਹੇਬ ਦੀਆਂ ਯਾਦਾਂ ਨੂੰ ਸੰਭਾਲਣ ਦੀ ਬਜਾਏ ਕਾਂਗਰਸ ਨੇ ਰੁਕਾਵਟਾਂ ਖੜ੍ਹੀਆਂ ਕੀਤੀਆਂ, ਜਦਕਿ ਨਹਿਰੂ-ਗਾਂਧੀ ਪਰਿਵਾਰ ਦੇ ਨਾਂ ’ਤੇ ਸੈਂਕੜੇ ਯਾਦਗਾਰਾਂ ਅਤੇ ਸੰਸਥਾਵਾਂ ਬਣਾਈਆਂ ਗਈਆਂ। ਬਾਬਾ ਸਾਹੇਬ ਦੇ ਸਨਮਾਨ ਵਿੱਚ ਜਿੰਨੇ ਵੀ ਕੰਮ ਹੋਏ ਹਨ, ਉਹ ਭਾਜਪਾ ਸਰਕਾਰ ਵੇਲੇ ਹੋਏ ਹਨ। ਮੱਧ ਪ੍ਰਦੇਸ਼ ਵਿਚ ਉਨ੍ਹਾਂ ਦੇ ਜਨਮ ਸਥਾਨ ’ਤੇ ਯਾਦਗਾਰ, ਦਿੱਲੀ ਵਿਚ ਅੰਬੇਡਕਰ ਕੇਂਦਰ ਅਤੇ ਲੰਡਨ ਵਿਚ ਬਾਬਾ ਸਾਹੇਬ ਦੇ ਨਿਵਾਸ ਸਥਾਨ ’ਤੇ ਯਾਦਗਾਰ ਭਾਜਪਾ ਸਰਕਾਰਾਂ ਦੁਆਰਾ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਰਾਹੁਲ ਅੰਬੇਡਕਰ ਦੇ ਖਿਲਾਫ ਕੀਤੇ ਅਪਮਾਨ ਲਈ ਮੁਆਫੀ ਮੰਗੇ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਦਾ ਕੁਝ ਹਿੱਸਾ ਪ੍ਰਸੰਗ ਤੋਂ ਬਾਹਰ ਪੇਸ਼ ਕਰਨਾ ਕਾਂਗਰਸ ਦੀ ਘਟੀਆ ਰਾਜਨੀਤੀ ਨੂੰ ਦਰਸਾਉਂਦਾ ਹੈ।
ਸਾਂਪਲਾ ਨੇ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਦੇ ਇਸ ਨਾਟਕ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹੇਬ ਅੰਬੇਡਕਰ ਦਾ ਸਤਿਕਾਰ ਕਰਨ ਦੀ ਗੱਲ ਕਰਨ ਵਾਲੇ ਰਾਹੁਲ ਗਾਂਧੀ ਨੂੰ ਪਹਿਲਾਂ ਆਪਣੇ ਪਰਿਵਾਰ ਦੀਆਂ ਨੀਤੀਆਂ ਅਤੇ ਅੰਬੇਡਕਰ ਦੇ ਖਿਲਾਫ ਕੀਤੇ ਅਪਮਾਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਸਾਂਪਲਾ ਨੇ ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਕਿ ਬਾਬਾ ਸਾਹੇਬ ਨੂੰ ਭਾਰਤ ਰਤਨ ਦੇਣ ਲਈ 42 ਸਾਲ ਕਿਉਂ ਲੱਗ ਗਏ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਅਤੇ ਹੋਰ ਰਾਸ਼ਟਰ ਨਿਰਮਾਤਾਵਾਂ ਦਾ ਅਪਮਾਨ ਕਰਨ ਲਈ ਕਾਂਗਰਸ ਨੂੰ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।