ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ, 24 ਦਸੰਬਰ 2024 - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੀ ਸਕੱਤਰ ਸ੍ਰੀਮਤੀ ਰਮਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਨਲ ਐਡਵੋਕੇਟ ਅਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਅੱਜ ਨੰਗਲੀ ਅਕੈਡਮਿਕ ਪਬਲਿਕ ਸਕੂਲ, ਗੁਰਦਾਸਪੁਰ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਸੈਮੀਨਾਰ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੇ ਪੈਨਲਿਸਟ ਵਕੀਲਾਂ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਇਸ ਮੌਕੇ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਨੁਮਾਇੰਦੇ ਏ.ਐੱਸ.ਆਈ ਅਮਨਦੀਪ ਸਿੰਘ ਅਤੇ ਏ.ਐੱਸ.ਆਈ. ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਹਨਾਂ ਦੇ ਸਾਰੇ ਕਾਗ਼ਜ਼ਾਤ ਪੂਰੇ ਰੱਖਣੇ ਚਾਹੀਦੇ ਹਨ ਅਤੇ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਕੋਈ ਵਾਹਨ ਨਾ ਚਲਾਇਆ ਜਾਵੇ। ਉਨ੍ਹਾਂ ਕਿਹਾ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਜ਼ਰੂਰ ਪਹਿਨਿਆ ਜਾਵੇ ਅਤੇ ਚਾਰ ਪਹੀਆ ਵਾਹਨ ਵਿੱਚ ਸੀਟ ਬੈਲਟ ਜ਼ਰੂਰ ਲਗਾਈ ਜਾਵੇ।
ਉਨ੍ਹਾਂ ਕਿਹਾ ਕਿ ਨਸ਼ਾ ਕਰਕੇ ਡਰਾਈਵਿੰਗ ਬਿਲਕੁਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਹੋਰ ਵੀ ਸਾਵਧਾਨੀ ਵਰਤੀ ਜਾਵੇ। ਇਸ ਦੌਰਾਨ ਉਨ੍ਹਾਂ ਪੰਜਾਬ ਪੁਲਿਸ ਦੀ ਹੈਲਪ ਲਾਈਨ ਨੰਬਰ 112 ਅਤੇ ਸਾਈਬਰ ਕ੍ਰਾਈਮ ਸਬੰਧੀ ਹੈਲਪ ਲਾਈਨ ਨੰਬਰ 1930 ਬਾਰੇ ਵੀ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕੀਤਾ ਕਿ ਉਹ ਪਤੰਗਬਾਜ਼ੀ ਲਈ ਸਿੰਥੈਟਿਕ ਡੋਰ (ਚਾਈਨਾ ਡੋਰ) ਦੀ ਵਰਤੋਂ ਬਿਲਕੁਲ ਨਾ ਕਰਨ।
ਇਸ ਮੌਕੇ ਨੰਗਲੀ ਅਕੈਡਮਿਕ ਪਬਲਿਕ ਸਕੂਲ ਗੁਰਦਾਸਪੁਰ ਦੀ ਪ੍ਰਿੰਸੀਪਲ ਸ੍ਰੀਮਤੀ ਸ਼ਿਖਾ ਮਦਨ ਨੇ ਇਹ ਸੈਮੀਨਾਰ ਲਗਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਟਰੈਫ਼ਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਦਾ ਧੰਨਵਾਦ ਕੀਤਾ।