Babushahi Special ਵੀਰਪਾਲ ਸਿਧਾਣਾ ਨਜ਼ਰਬੰਦ; ਹਰ ਜ਼ਖ਼ਮੀ ਮੱਥਾ ਨੀਂ ਝੁਕਦਾ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ
ਅਸ਼ੋਕ ਵਰਮਾ
ਬਠਿੰਡਾ, 4 ਅਗਸਤ 2025: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਲੁਧਿਆਣਾ ਜਿਲ੍ਹੇ ਵਿਚਲਾ ਸਮਾਗਮਾਂ ਦੇ ਮੱਦੇਨਜ਼ਰ ਸੰਘਰਸ਼ੀ ਸਫਾਂ ’ਚ ਖਾੜਕੂ ਮੰਨੀ ਜਾਂਦੀ ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਆਗੂ ਵੀਰਪਾਲ ਕੌਰ ਸਿਧਾਣਾ ਅੱਜ ਪੰਜਾਬ ਪੁਲਿਸ ਨੇ ਪੂਰਾ ਦਿਨ ਨਜ਼ਰਬੰਦ ਕਰੀ ਰੱਖੀ। ਪੁਲਿਸ ਨੇ ਅੱਜ ਸਵੇਰੇ ਸਾਢੇ ਚਾਰ ਵਜੇ ਵੀਰਪਾਲ ਕੌਰ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਬਾਹਰ ਜਾਣ ਦੀ ਮਨਾਹੀ ਕਰ ਦਿੱਤੀ। ਵੀਰਪਾਲ ਅਨੁਸਾਰ ਉਸ ਨੇ ਅਧਿਕਾਰੀਆਂ ਨੂੰ ਬੜੀ ਮਗਜ਼ ਖਪਾਈ ਕੀਤੀ ਕਿ ਅੱਜ ਉਨ੍ਹਾਂ ਦਾ ਕਿਸੇ ਵੀ ਕਿਸਮ ਦੇ ਪ੍ਰਦਰਸ਼ਨ ਦਾ ਕੋਈ ਪ੍ਰੋਗਾਰਮ ਨਹੀਂ ਪਰ ਪੁਲਿਸ ਅਫਸਰ ਟੱਸ ਤੋਂ ਮੱਸ ਨਾਂ ਹੋਏ। ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਵੀਰਪਾਲ ਸਕੂਲ ਜਾਣ ਲਈ ਤਿਆਰ ਹੋਈ ਤਾਂ ਉਸ ਦੇ ਘਰੇ ਗੈਂਗਸਟਰਾਂ ਵਾਂਗ ਪੁਲਿਸ ਦਾ ਸਖਤ ਪਹਿਰਾ ਲੱਗਿਆ ਹੋਇਆ ਸੀ ।

ਗੱਲ ਇੱਥੇ ਹੀ ਨਹੀਂ ਮੁੱਕੀ ਬਲਕਿ ਵੀਰਪਾਲ ਕੌਰ ਪੁਲਿਸ ਦੀ ਪਹਿਰੇਦਾਰੀ ਦੌਰਾਨ ਹੀ ਸਕੂਲ ਪੁੱਜੀ ਜਿਸ ਨੂੰ ਦੇਖਕੇ ਤਾਂ ਬੱਚੇ ਵੀ ਸਹਿਮੇ ਦਿਖਾਈ ਦਿੱਤੇੇ। ਪੰਜਾਬ ’ਚ ਪਹਿਲੀ ਵਾਰ ਹੋਇਆ ਕਿ ਕਿਸੇ ਅਧਿਆਪਕ ਨੇ ਪੁਲਿਸ ਦੇ ਕਰੜੇ ਪਹਿਰੇ ਦੌਰਾਨ ਆਪਣੀ ਕਲਾਸ ’ਚ ਬੱਚਿਆਂ ਨੂੰ ਪੜ੍ਹਾਇਆ ਹੈ। ਪੰਜਾਬ ਦੀ ਸੱਤਾ ਤੇ ਕਾਬਜ ਹੋਈਆਂ ਕਈ ਸਰਕਾਰਾਂ ਨਾਲ ਲੰਬੀ ਲੜਾਈ ਮਗਰੋਂ ਸਾਲ 2023 ’ਚ ਭਗਵੰਤ ਮਾਨ ਸਰਕਾਰ ਵੱਲੋਂ ਕੱਚਿਆਂ ਤੋਂ ਪੱਕੇ ਕੀਤੇ ਅਧਿਆਪਕਾਂ ਨੇ ਆਪਣੀਆਂ ਬਾਕੀ ਮੰਗਾਂ ਅਤੇ ਮਸਲਿਆਂ ਲਈ ਝੰਡਾ ਕੀ ਚੁੱਕਿਆ ਇਹ ਅਧਿਆਪਕ ਹੁਣ ਇੱਕ ਵਾਰ ਫਿਰ ਸਰਕਾਰ ਦੇ ਨਿਸ਼ਾਨੇ ਤੇ ਆ ਗਏ ਹਨ। ਇੰਨ੍ਹਾਂ ਅਧਿਆਪਕਾਂ ਨੇ 31 ਜੁਲਾਈ ਨੂੰ ਸੁਨਾਮ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਮੌਕੇ ਮੁੱਖ ਮੰਤਰੀ ਪੰਜਾਬ ਦੇ ਘਿਰਾਓ ਦਾ ਐਲਾਨ ਕੀਤਾ ਸੀ ਜੋ 18 ਅਗਸਤ ਦੀ ਮੀਟਿੰਗ ਮਿਲਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।
ਇਸ ਦੇ ਬਾਵਜੂਦ ਅੱਜ ਦੇ ਸਰਕਾਰੀ ਪ੍ਰੋਗਰਾਮ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਵੀਰਪਾਲ ਕੌਰ ਨੂੰ ਖਤਰਨਾਕ ਅਪਰਾਧੀਆਂ ਵਾਂਗ ਪੂਰਾ ਦਿਨ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ। ਜਾਣਕਾਰੀ ਅਨੁਸਾਰ ਮਾਸੂਮ ਬੱਚਿਆਂ ਨੂੰ ਪੂਰਾ ਦਿਨ ਡਰ ਲੱਗਿਆ ਰਿਹਾ ਕਿ ਪਤਾ ਨਹੀਂ ਪੁਲਿਸ ਕਿਓਂ ਆਈ ਹੈ। ਹਾਲਾਂਕਿ ਪੁਲਿਸ ਮੁਲਾਜਮ ਸ਼ਾਂਤ ਬੈਠੇ ਰਹੇ ਪਰ ਪੁਲਿਸ ਦੇ ਨਾਮ ਦੀ ਦਹਿਸ਼ਤ ਕਾਰਨ ਬੱਚਿਆਂ ਨੇ ਢੰਗ ਸਿਰ ਰੋਟੀ ਵੀ ਨਹੀਂ ਖਾਧੀ ਅਤੇ ਇੱਕ ਦੂਜੇ ਵੱਲ ਡੌਰ ਭੋਰਿਆਂ ਵਾਂਗ ਝਾਕਦੇ ਰਹੇ। ਪੁਲਿਸ ਦੀ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕੀਤੀ ਗਈ ਕਰਾਰ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਸਖਤ ਇਤਰਾਜ ਜਤਾਇਆ ਹੈ। ਡੀਟੀਐਫ ਆਗੂ ਬਲਜਿੰਦਰ ਸਿੰਘ ਅਤੇ ਰੇਸ਼ਮ ਸਿੰਘ ਦਾ ਕਹਿਣਾ ਸੀ ਕਿ ਜਦੋਂ ਅੱਜ ਕੋਈ ਰੋਸ ਪ੍ਰੋਗਰਾਮ ਨਹੀਂ ਸੀ ਤਾਂ ਸਕੂਲ ’ਚ ਪੁਲਿਸ ਭੇਜਕੇ ਦਹਿਸ਼ਤ ਦਾ ਮਹੌਲ ਬਣਾਇਆ ਗਿਆ ਜੋਕਿ ਨਿਖੇਧਯੋਗ ਹੈ।

ਦਰਅਸਲ ਵੀਰਪਾਲ ਐਂਵੇਂ ਹੀ ਨਹੀਂ ਪੁਲਿਸ ਦੀਆਂ ਅੱਖਾਂ ’ਚ ਰੜਕਣ ਲੱਗੀ, ਇਸ ਪਿੱਛੇ ਵੀ ਲੰਮਾਂ ਇਤਿਹਾਸ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਸਿਧਾਣਾ ਦੀ ਵੀਰਪਾਲ ਕੌਰ ਵੀ ਕਦੇ ਪੰਜਾਬ ਦੀਆਂ ਹੋਰ ਲੜਕੀਆਂ ਵਾਂਗ ਸੰਗਾਲੂ ਕੁੜੀ ਸੀ ਜੋ ਪੜ੍ਹ ਲਿਖਕੇ ਆਪਣਾ ਭਵਿੱਖ ਸੁਨਹਿਰੀ ਬਨਾਉਣਾ ਚਾਹੁੰਦੀ ਸੀ। ਵੀਰਪਾਲ ਕੌਰ ਪੋਸਟ ਗਰੈਜੂਏਟ ਹੈ ਅਤੇ ਉਸ ਕੋਲ ਈਟੀਟੀ ਅਤੇ ਬੀ.ਐੱਡ ਦੀ ਡਿਗਰੀ ਹੈ। ਸਾਲ 2003 ਵਿੱਚ ਉਸ ਨੇ ਕੇਂਦਰੀ ਸਕੀਮ ਤਹਿਤ ਵਲੰਟੀਅਰ ਅਧਿਆਪਕ ਵਜੋਂ ਸਿਰਫ ਇੱਕ ਹਜ਼ਾਰ ਰੁਪਏ ਦੇ ਨਿਗੂਣੇ ਜਿਹੇ ਮਾਣਭੱਤੇ ਤਹਿਤ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ। ਆਪਣੇ ਸਾਥੀ ਅਧਿਆਪਕਾਂ ਨਾਲ 16 ਸਾਲ ਸੰਘਰਸ਼ ਕਰਨ ਮਗਰੋਂ ਤਨਖਾਹ ਤਾਂ ਛੇ ਹਜਾਰ ਰੁਪਏ ਕਰਵਾ ਲਈ ਪਰ ਰਹੇ ਉਹ ਮਹਿਕਮੇ ਦੇ ਕੱਚੇ ਮੁਲਾਜਮ ਹੀ। ਜਦੋਂ ਵੀ ਵਲੰਟੀਅਰ ਅਧਿਆਪਕਾਂ ਨੇ ਹੱਕਾਂ ਲਈ ਸੰਘਰਸ਼ ਵਿੱਢਿਆ ਤਾਂ ਵੀਰਪਾਲ ਕੌਰ ਸਭ ਤੋਂ ਮੂਹਰੇ ਖਲੋਤੀ ਦਿਖਾਈ ਦਿੱਤੀ।
ਵੀਰਪਾਲ ਕੌਰ ਨੇ ਆਪਣੀ ਉਮਰ ਤੋਂ ਲੰਮੇਰਾ ਸੰਘਰਸ਼ ਕੀਤਾ ਤਾਂ ਪੁਲਿਸ ਨੇ ਕਈ ਥਾਣੇ ਦਿਖਾ ਦਿੱਤੇ । ਉਹ ਇੰਨੇ ਲਾਠੀਚਾਰਜ ਝੱਲ ਚੁੱਕੀ ਹੈ ਕਿ ਗਿਣਤੀ ਯਾਦ ਨਹੀਂ। ਗੱਠਜੋੜ ਹਕੂਮਤ ਨੇ ਉਸ ’ਤੇ ਇਰਾਦਾ ਕਤਲ ਦਾ ਪਰਚਾ ਪਾਇਆ। ਕੈਪਟਨ ਸਰਕਾਰ ਤੋਂ ਰੁਜ਼ਗਾਰ ਮੰਗਣ ਗਈ ਤਾਂ ਅੱਗਿਓਂ ਡਾਂਗਾਂ ਮਿਲੀਆਂ। ਉਸ ਦੇ ਪਿਓ-ਦਾਦੇ ਨੇ ਤਾਂ ਕਦੇ ਥਾਣੇ ਕਚਹਿਰੀ ਦਾ ਮੂੰਹ ਨਹੀਂ ਵੇਖਿਆ ਸੀ ਪਰ ਬੇਕਾਰੀ ਨੇ ਹਵਾਲਾਤ ਵੀ ਦਿਖਾ ਦਿੱਤੀ ਅਤੇ ਜੇਲ੍ਹ ਵੀ। ਅੰਦੋਲਨਕਾਰੀ ਸੁਭਾਅ ਕਾਰਨ ਸੀਆਈਡੀ ਦੇ ਵਹੀ ਖਾਤਿਆਂ ’ਚ ਵੀਰਪਾਲ ਦਾ ਨਾਮ ਟੌਪ ਟੈਨ ਸੰਘਰਸ਼ੀ ਆਗੂਆਂ ’ਚ ਸ਼ਾਮਲ ਹੈ। ਵੀਰਪਾਲ ਆਖਦੀ ਹੈ ਕਿ ਆਪਣੀ ਜਿੰਦਗੀ ਦਾ ਸੁਨਹਿਰੀ ਸਮਾਂ ਸੜਕਾਂ ’ਤੇ ਕੱਢਿਆ ਹੈ ਪਰ ਸਰਕਾਰ ਨੂੰ ਸਮਝ ਨਹੀਂ ਆਈ ਹੈ। ਵੀਰਪਾਲ ਨੇ ਸਰਕਾਰ ਤੋਂ ਆਪਣਾ ਕਸੂਰ ਪੁੱਛਿਆ ਕਿ ਪੁਲਿਸ ਹੁਣ ਵੀ ਉਨ੍ਹਾਂ ਦਾ ਪਿੱਛਾ ਕਿਓਂ ਨਹੀਂ ਛੱਡ ਰਹੀ ਹੈ।
ਕੱਚੇ ਅਧਿਆਪਕ 2023 ’ਚ ਕੀਤੇ ਪੱਕੇ
ਵਲੰਟੀਅਰ ਅਧਿਆਪਕਾਂ ਨਾਲ ਕੀਤੇ ਵਾਅਦੇ ਮੁਤਾਬਕ ਪੰਜਾਬ ਸਰਕਾਰ ਨੇ 2023 ’ਚ ਇੰਨ੍ਹਾਂ ਨੂੰ ਰੈਗੂਲਰ ਕੀਤਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਆ ਮੰਗਾਂ ਬਾਰੇ ਵਾਅਦਾ ਵੀ ਕੀਤਾ ਸੀ। ਉਦੋਂ ਵੀਰਪਾਲ ਕੌਰ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਨ ਵਾਲਿਆਂ ’ਚ ਸ਼ਾਮਲ ਸੀ। ਕਰੀਬ ਦੋ ਸਾਲ ਦਾ ਸਮਾਂ ਲੰਘਣ ਮਗਰੋਂ ਆਪਣੀਆਂ ਮੰਗਾਂ ਖਾਤਰ ਜੱਥੇਬੰਦੀ ਨੇ ਸੰਘਰਸ਼ ਦਾ ਐਲਾਨ ਕੀਤਾ ਤਾਂ ਸਰਕਾਰ ਨੇ ਮੀਟਿੰਗ ਦੇ ਦਿੱਤੀ ਜਿਸ ਕਰਕੇ ਸੁਨਾਮ ਕੂਚ ਰੱਦ ਕਰ ਦਿੱਤਾ ਸੀ। ਵੀਰਪਾਲ ਦੇ ਸੰਘਰਸ਼ੀ ਇਤਿਹਾਸ ਦਾ ਅਸਰ ਹੈ ਕਿ ਹੁਣ ਉਹ ਮੁੜ ਸਰਕਾਰ ਦੇ ਨਿਸ਼ਾਨੇ ਤੇ ਆ ਗਈ ਹੈ।