Babushahi Special: ਪੰਜਾਬੀਆਂ ਵੱਲੋਂ ਢਿੱਲੀਆਂ ਕੀਤੀਆਂ ਜੇਬਾਂ ਨਾਲ ਪ੍ਰਵਾਸੀ ਬੋਝੇ ਫੁੱਲ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2025: ਪਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਚੋਂ ਹਰ ਸਾਲ ਕਮਾਏ ਤਿੰਨ ਸੌ ਤੋਂ ਚਾਰ ਸੌ ਕਰੋੜ ਰੁਪਏ ਆਪਣੇ ਜੱਦੀ ਸੂਬਿਆਂ ਯੂਪੀ ਅਤੇ ਬਿਹਾਰ ਭੇਜੇ ਜਾਂਦੇ ਹਨ। ਔਸਤਨ ਰੋਜ਼ਾਨਾ ਕਰੀਬ 1 ਤੋਂ ਸਵਾ ਕਰੋੜ ਰੁਪਿਆ ਇਕੱਲੇ ਇੰਨ੍ਹਾਂ ਦੋਵਾਂ ਸੂਬਿਆਂ ’ਚ ਭੇਜਿਆ ਜਾ ਰਿਹਾ ਹੈ। ਹਰ ਮਹੀਨੇ ਦਾ ਅੰਕੜਾ ਦੇਖੀਏ ਤਾਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਵੱਲੋਂ ਕੀਤੀ ਗਈ ਮਜ਼ਦੂਰੀ ਦੀ ਕਰੀਬ 30 ਤੋਂ 35 ਕਰੋੜ ਰੁਪਏ ਦੀ ਰਾਸ਼ੀ ਇੰਨ੍ਹਾਂ ਰਾਜਾਂ ਵੱਲ ਜਾ ਰਹੀ ਹੈ ਜਦੋਂਕਿ ਬਾਕੀ ਤਕਰੀਬਨ ਅੱਧੀ ਦਰਜਨ ਸੂਬਿਆਂ ਨੂੰ ਭੇਜਿਆ ਜਾਣ ਵਾਲਾ ਪੈਸਾ ਇਸ ਤੋਂ ਵੱਖਰਾ ਹੈ। ਹਾਲਾਂਕਿ ਪ੍ਰਦੇਸਾਂ ’ਚ ਵੱਸਣ ਵਾਲੇ ਅਤੇ ਦੂਸਰੇ ਰਾਜਾਂ ’ਚ ਤਾਇਨਾਤ ਪੰਜਾਬੀ ਜੋ ਰਾਸ਼ੀ ਪੰਜਾਬ ’ਚ ਲਿਆਉਂਦੇ ਹਨ,ਉਹ ਅੰਕੜਾ ਇਸ ਨਾਲੋ ਕਈ ਗੁਣਾ ਵੱਡਾ ਹੈ ਪਰ ਸਥਾਨਕ ਮਜ਼ਦੂਰਾਂ ਦੇ ਪੱਖ ਤੋਂ ਦੇਖੀਏ ਤਾਂ ਯੂਪੀ ਬਿਹਾਰ ਜਾਣ ਵਾਲੀ ਮਾਇਆ ਦੀ ਗਿਣਤੀ ਮਿਣਤੀ ਕੋਈ ਛੋਟੀ ਵੀ ਨਹੀ ਹੈ।
ਵੱਖ ਵੱਖ ਸਰੋਤਾਂ ਵਿਚਲੇ ਸੂਤਰਾਂ ਤੋਂ ਪ੍ਰਵਾਸੀ ਮਜ੍ਰਦੂਰਾਂ ਸਬੰਧੀ ਹਾਸਲ ਜਾਣਕਾਰੀ ਦੇ ਇਹ ਤੱਥ ਹਨ ਜਿੰਨ੍ਹਾਂ ਮੁਤਾਬਕ ਇਹ ਅੰਕੜਾ ਦੱਸਦਾ ਹੈ ਕਿ ਪੰਜਾਬੀਆਂ ਦੀ ਮਾਇਆ ਨੇ ਕਦੇ ਆਰਥਿਕ ਤੌਰ ਤੇ ਝੰਬੇ ਪ੍ਰਵਾਸੀਆਂ ਦੇ ਬੋਝੇ ਭਰਨ ’ਚ ਕਸਰ ਬਾਕੀ ਨਹੀਂ ਛੱਡੀ ਹੈ। ਸੂਤਰ ਦੱਸਦੇ ਹਨ ਕਿ ਸਨਅਤੀ ਖੇਤਰਾਂ ’ਚ ਪੰਜਾਬ ’ਚੋਂ ਜ਼ਿਲਾ ਲੁਧਿਆਣਾ ਦੇ ਸ਼ਹਿਰੀ ਤੇ ਦਿਹਾਤੀ ਇਲਾਕੇ ਅਵੱਲ ਨੰਬਰ ’ਤੇ ਹਨ ਜੋ ਸਭ ਤੋਂ ਵੱਧ ਪੈਸੇ ਯੂ.ਪੀ. ਅਤੇ ਬਿਹਾਰ ’ਚ ਭੇਜਦੇ ਹਨ। ਦੂਸਰੇ ਨੰਬਰ ’ਤੇ ਅੰਮ੍ਰਿਤਸਰ ਤੇ ਜਲੰਧਰ ਜ਼ਿਲ੍ਹੇ ਹਨ। ਖੇਤੀ ਖੇਤਰ ਚੋਂ ਮਾਲਵਾ ਪਹਿਲੇ ਨੰਬਰ ’ਤੇ ਹੈ ਜਿੱਥੇ ਸਭ ਤੋਂ ਵੱਧ ਪਰਵਾਸੀ ਮਜ਼ਦੂਰ ਹਨ ਜਦੋਂਕਿ ਦੂਸਰੇ ਨੰਬਰ ’ਤੇ ਦੁਆਬਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਨ੍ਹਾਂ ਪਰਵਾਸੀ ਲੋਕਾਂ ਵੱਲੋਂ ਕੀਤੀ ਗਈ ਮਿਹਨਤ ਮਜ਼ਦੂਰੀ ਦੀ ਜਿਆਦਾਤਰ ਕਮਾਈ ਪੰਜਾਬ ਦੇ ਕਿਸਾਨ ਘਰਾਂ ਚੋਂ ਨਿਕਲਦੀ ਹੈ ਜਿੱਥੇ ਇਹ ਕਰੀਬ ਪੰਜ ਦਹਾਕਿਆਂ ਤੋਂ ਮਜ਼ਦੂਰੀ ਲਈ ਆ ਰਹੇ ਹਨ।
ਇਸ ਤੋਂ ਇਲਾਵਾ ਸ਼ਹਿਰਾਂ ਵਿਚਲੇ ਸਨਅਤੀ ਸੈਕਟਰ ਤੋਂ ਇਲਾਵਾ ਪ੍ਰਵਾਸੀਆਂ ਵੱਲੋਂ ਸਵੈਰੁਜ਼ਗਾਰ ਵਜੋਂ ਕੀਤੇ ਜਾਂਦੇ ਕੰਮ ਧੰਦਿਆਂ ਚੋਂ ਹੁੰਦੀ ਬੱਚਤ ਦਾ ਵੱਡਾ ਹਿੱਸਾ ਵੀ ਭੇਜੀ ਜਾਣ ਵਾਲੀ ਇਸ ਬਹੁਕਰੋੜੀ ਮਾਇਆ ਵਿੱਚ ਸ਼ਾਮਲ ਹੈ। ਪੁਰਾਣੇ ਵੇਲੇ ’ਚ ਜੋ ਪਰਵਾਸੀ ਮਜ਼ਦੂਰ ਸਿਰਫ ਖੇਤਾਂ ਤੱਕ ਸੀਮਿਤ ਸੀ, ਉਹ ਹੁਣ ਪੈਸਾ ਕਮਾਉਣ ਦੇ ਮੰਤਵ ਨਾਲ ਪੀਜ਼ਾ, ਬਰਗਰ ਤੇ ਫਾਸਟ ਫੂਡ ਤੋਂ ਇਲਾਵਾ ਖਾਣ ਪੀਣ ਵਾਲੀਆਂ ਹਰ ਪ੍ਰਕਾਰ ਦੀਆਂ ਵਸਤਾਂ ਬਨਾਉਣ ਤੱਕ ਆਣ ਪੁੱਜਾ ਹੈ। ਹਾਲਾਂਕਿ ਇਹ ਕੌੜੀ ਸਚਾਈ ਕਿਸਾਨ ਪਰਿਵਾਰਾਂ ਦੇ ਨਵੇਂ ਪੋਚ ਦੇ ਵਿਹਲੇਪਣ ਦੀ ਤਸਵੀਰ ਵੀ ਦਿਖਾਉਂਦੀ ਹੈ ਅਤੇ ਜੀਭ ਦਾ ਰਸੀਆ ਹੋਣ ਦੀ ਕਹਾਣੀ ਵੀ ਬਿਆਨਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਪਰਵਾਸੀ ਮਜ਼ਦੂਰ ਦੇ ਰੂਪ ’ਚ ਸਸਤੀ ਲੇਬਰ ਮਿਲੀ ਹੈ ਪਰ ਇਹ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਕਿ ਪ੍ਰਵਾਸੀਆਂ ਕਾਰਨ ਸਥਾਨਕ ਮਜ਼ਦੂਰਾਂ ਨੂੰ ਵੱਡੀ ਮਾਰ ਝੱਲਣੀ ਪਈ ਹੈ।
ਜਲੰਧਰ, ਲੁਧਿਆਣਾ, ਪਟਿਆਲਾ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸਮੇਤ ਕਈ ਸ਼ਹਿਰਾਂ ਦੇ ਸਨਅਤੀ ਖੇਤਰ ’ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਕਾਫੀ ਵੱਡੀ ਹੈ। ਖੇਤੀ ਤੋਂ ਬਿਨ੍ਹਾਂ ਹੋਰ ਕੰਮਾਂ ਵਿੱਚ ਵੀ ਪਰਵਾਸੀ ਮਜ਼ਦੂਰਾਂ ਨੇ ਕਾਫੀ ਪੈਰ ਪਸਾਰ ਲਏ ਹਨ ਜਿੰਨ੍ਹਾਂ ਵਿੱਚ ਰਿਕਸ਼ਾ ਚਲਾਉਣਾ, ਟਰੱਕ ਡਰਾਈਵਰੀ , ਵੈਲਡਿੰਗ , ਮਾਬਰਲ ਲਾਉਣ, ਉਸਾਰੀ ਦੇ ਕੰਮ, ਸਬਜ਼ੀ ਤੇ ਫਲ ਵਗੈਰਾ ਵੇਚਣ ਦਾ ਕੰਮ ਸ਼ਾਮਲ ਹੈ। ਇਕੱਲੇ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵੱਲ ਝਾਤੀ ਮਾਰੀਏ ਤਾਂ ਪੱਛਮੀ ਖਾਣਿਆਂ ਦੇ ਧੰਦੇ ਤੇ ਪ੍ਰਵਾਸੀ ਕਾਰੀਗਰਾਂ ਨੇ ਇਜ਼ਾਰੇਦਾਰੀ ਕਾਇਮ ਕੀਤੀ ਹੋਈ ਹੈ ਤਾਂ ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਵੀ ਪ੍ਰਵਾਸੀਆਂ ਦਾ ਦਬਦਬਾ ਹੈ। ਜੋ ਸ਼ਹਿਰਾਂ ਵਿੱਚਲੇ ਲੇਬਰ ਚੌਂਕ ਹਨ, ਉਨ੍ਹਾਂ ’ਤੇ ਸਥਾਨਕ ਲੇਬਰ ਜਿੰਨੀਂ ਗਿਣਤੀ ਹੀ ਪਰਵਾਸੀ ਮਜ਼ਦੂਰਾਂ ਦੀ ਹੁੰਦੀ ਹੈ। ਇਹ ਪ੍ਰਵਾਸੀ ਮਜ਼ਦੂਰ ਘੱਟ ਦਿਹਾੜੀ ’ਚ ਵੀ ਕੰਮ ਕਰ ਲੈਂਦੇ ਹਨ ਜੋ ਮੁਕਾਮੀ ਮਜ਼ਦੂਰਾਂ ਦੇ ਪੱਖ ਤੋਂ ਚਿੰਤਾ ਦਾ ਵਿਸ਼ਾ ਹੈ।
ਪ੍ਰਵਾਸੀਆਂ ਦੀ ਮਿਹਨਤ ਦੀ ਕਮਾਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਅਸਲ ਵਿੱਚ ਇਹ ਪਰਵਾਸੀ ਮਜ਼ਦੂਰਾਂ ਦੀ ਮਿਹਨਤ ਦੀ ਕਮਾਈ ਹੈ ਜਿਸ ਦਾ ਦੂਸਰੇ ਰਾਜਾਂ ’ਚ ਲਿਜਾਣਾ ਗਲ੍ਹਤ ਨਹੀਂ ਹੈ। ਉਨ੍ਹਾਂ ਆਖਿਆ ਕਿ ਪ੍ਰਵਾਸੀਆਂ ਕਾਰਨ ਸਥਾਨਕ ਮਜ਼ਦੂਰਾਂ ਦਾ ਰੁਜ਼ਗਾਰ ਤਾਂ ਪ੍ਰਭਾਵਿਤ ਹੋਇਆ ਹੈ ਪਰ ਵੱਡੀ ਸੱਟ ਮਸ਼ੀਨੀਕਰਨ ਨੇ ਮਾਰੀ ਹੈ। ਉਨ੍ਹਾਂ ਕਿਹਾ ਕਿ ਦੂਸਰੇ ਰਾਜਾਂ ਦੀਆਂ ਸਰਕਾਰਾਂ ਦੋਸ਼ੀ ਹਨ ਜੋ ਉਨ੍ਹਾਂ ਨੂੰ ਆਪੋ ਆਪਣੇ ਸੂਬਿਆਂ ਵਿੱਚ ਰੁਜ਼ਗਾਰ ਨਹੀਂ ਦੇ ਸਕੀਆਂ। ਉਨ੍ਹਾਂ ਆਖਿਆ ਕਿ ਕੱਝ ਲੋਕ ਹੁਣ ਪੰਜਾਬੀ ਮਜ਼ਦੂਰਾਂ ਤੇ ਪ੍ਰਵਾਸੀਆਂ ’ਚ ਟਕਰਾਅ ਅਤੇ ਭਰਾ ਮਾਰੂ ਜੰਗ ਕਰਾਉਣ ਲਈ ਚਾਲਾਂ ਵੀ ਚੱਲਦੇ ਰਹਿੰਦੇ ਹਨ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਪ੍ਰਵਾਸੀਆਂ ਅਤੇ ਸਥਾਨਕ ਮਜ਼ਦੂਰਾਂ ਨੂੰ ਮਿਲਕੇ ਰੁਜ਼ਗਾਰਾਂ ਦਾ ਉਜਾੜ ਕਰ ਰਹੀਆਂ ਬਹਕੌਮੀ ਕੰਪਨੀਆਂ ਖਿਲਾਫ ਲੜਾਈ ਲੜਨ ਦਾ ਸੱਦਾ ਦਿੱਤਾ ਹੈ।
ਪੰਜਾਬ ਦੀ ਤਰੱਕੀ ’ਚ ਹਿੱਸਾ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸਪੀਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਪ੍ਰਵਾਸੀ ਲੇਬਰ ਦਾ ਪੰਜਾਬ ਦੀ ਤਰੱਕੀ ਵਿੱਚ ਵੱਡਾ ਹਿੱਸਾ ਹੈ ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੀ ਹੈ ਕਿ ਪਵਾਸੀ ਮਜ਼ਦੂਰਾਂ ਨੇ ਸਥਾਨਕ ਲੇਬਰ ਨੂੰ ਨੁਕਸਾਨ ਪਹੰਚਾਇਆ ਹੈ ਪਰ ਜੋ ਰਾਸ਼ੀ ਦੂਸਰੇ ਸਰੋਤਾਂ ਰਾਹੀਂ ਪੰਜਾਬ ਆ ਰਹੀ ਹੈ, ਉਸ ਮੂਹਰੇ ਜਾਣ ਵਾਲੀ ਰਾਸ਼ੀ ਨਿਗੂਣੀ ਹੈ।