ਹੋਲਾ ਮਹੱਲੇ ਮੌਕੇ ਸ਼ਰਧਾਲੂਆਂ ਦੀ ਜਾਣਕਾਰੀ ਲਈ ਲਗਾਈਆਂ ਜਾਣਗੀਆਂ ਵੱਡੀਆਂ ਸਕਰੀਨਾਂ- ਅਨਮਜੋਤ ਕੌਰ
- ਮੇਲਾ ਖੇਤਰ ਵਿੱਚ ਸੰਗਤਾਂ ਨੂੰ ਢੁਕਵੀ ਜਾਣਕਾਰੀ ਦੇਣ ਲਈ ਸਥਾਪਿਤ ਹੋਣਗੇ ਹੈਲਪ ਡੈਸਕ- ਐਸ.ਡੀ.ਐਮ ਨੰਗਲ
- ਲੋਸਟ ਐਂਡ ਫਾਊਡ ਡੈਸਕ ਹੋਣਗੇ ਸਥਾਪਿਤ, ਹਰ ਤਰਾਂ ਦੀ ਮਿਲੇਗੀ ਸੁਚਾਰੂ ਜਾਣਕਾਰੀ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 06 ਫਰਵਰੀ ,2025 - ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਵਿਚ 10 ਤੋ 12 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 13 ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਪ੍ਰਸਾਸ਼ਨ ਵੱਲੋਂ ਅਗਾਓ ਤਿਆਰੀਆਂ ਕੀਤੀਆ ਜਾ ਰਹੀਆਂ ਹਨ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਅਨਮਜੋਤ ਕੌਰ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਦੀ ਸਹੂਲਤ ਤੇ ਜਾਣਕਾਰੀ ਲਈ ਵੱਡੀਆਂ ਸਕਰੀਨਾ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਵਿਰਾਸਤ ਏ ਖਾਲਸਾ, ਪੰਜ ਪਿਆਰਾ ਪਾਰਕ ਤੇ ਨਗਰ ਕੋਂਸਲ ਦੇ ਬਾਹਰ ਸਥਾਈ ਤੌਰ ਤੇ ਐਲ.ਈ.ਡੀ ਸਕਰੀਨ ਸਰਕਾਰ ਵੱਲੋਂ ਲਗਾਈ ਹੋਈ ਹੈ। ਇਸ ਤੋ ਇਲਾਵਾ ਬੱਸ ਸਟੈਂਡ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰ ਅਤੇ ਤਹਿਸੀਲ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਵਿੱਚ 3 ਹੋਰ ਵੱਡੀਆਂ ਸਕਰੀਨਾਂ ਲਗਾਈਆਂ ਜਾਣਗੀਆਂ, ਜਿੱਥੇ ਸਮੁੱਚੇ ਮੇਲਾ ਖੇਤਰ ਬਾਰੇ ਜਾਣਕਾਰੀ ਉਪਲੱਬਧ ਰਹੇਗੀ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਥਾਵਾਂ ਤੇ ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ, ਸ਼ਰਧਾਲੂ ਕਿਸੇ ਵੀ ਤਰਾਂ ਦੀ ਸੂਚਨਾਂ ਇਨ੍ਹਾਂ ਹੈਲਪ ਡੈਸਕ ਤੋਂ ਲੈ ਸਕਣਗੇ। ਇਸ ਤੋ ਇਲਾਵਾ ਗੁਆਚੇ ਦੀ ਭਾਲ ਬਾਰੇ ਡੈਸਕ ਵੀ ਇਸੇ ਥਾਂ ਤੇ ਸਥਾਪਿਤ ਹੋਣਗੇ। ਇਨ੍ਹਾਂ ਹੈਲਪ ਡੈਸਕ ਤੇ ਅਨਾਊਸਮੈਂਟ ਸਿਸਟਮ ਲਗਾ ਕੇ ਕਰਮਚਾਰੀ 24/7 ਤੈਨਾਂਤ ਰਹਿਣਗੇ। ਮੇਲਾ ਖੇਤਰ ਦੀ ਸਮੁੱਚੀ ਜਾਣਕਾਰੀ ਨੂੰ ਦਰਸਾਉਦੇ ਵੇਰਵੇ ਇਨ੍ਹਾਂ ਸਕਰੀਨਾਂ ਤੇ ਲਗਾਤਾਰ ਪ੍ਰਸਾਰਿਤ ਹੋਣਗੇ। ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ ਵੱਲੋਂ ਇਸ ਸਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।