ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ ਕੈਮਰੇ ਰੱਖਣਗੇ ਨਜ਼ਰ
- ਸੰਗਤਾਂ ਤੇ ਵਾਹਨਾਂ ਦੀ ਪਾਰਕਿੰਗ ਲਈ ਢੁਕਵੀਆਂ ਥਾਵਾਂ ਤੇ ਤਿਆਰੀ ਸ਼ੁਰੂ
- ਮੇਲਾ ਖੇਤਰ ਵਿੱਚ ਲਗਾਈਆਂ ਜਾਣਗੀਆਂ ਆਕਰਸ਼ਿਤ ਲਾਈਟਾਂ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 06 ਫਰਵਰੀ ,2025 - ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਵਿਚ 10 ਤੋ 12 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 13 ਤੋ 15 ਮਾਰਚ ਤੱਕ ਹੋਲਾ ਮਹੱਲਾ ਤਿਉਹਾਰ ਮਨਾਇਆ ਜਾ ਰਿਹਾ ਹੈ। ਜਿਸ ਦੀਆਂ ਪ੍ਰਸਾਸ਼ਨ ਵੱਲੋਂ ਅਗਾਓ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਇਸ ਮੌਕੇ ਲੱਖਾਂ ਸੰਗਤਾਂ ਗੁਰਧਾਮਾ ਦੇ ਦਰਸ਼ਨਾ ਲਈ ਇੱਥੇ ਪੁੱਜਦੀਆਂ ਹਨ।
ਅੱਜ ਪਾਰਕਿੰਗ ਸਥਾਨਾਂ ਵਿੱਚ ਵਾਹਨਾ ਤੇ ਚਾਲਕਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੇਲਾ ਖੇਤਰ ਦੇ ਵਿਸੇਸ਼ ਦੌਰੇ ਤੇ ਰਹੇ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ, ਤਹਿਸੀਲਦਾਰ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਅੰਗਦਪ੍ਰੀਤ ਸਿੰਘ, ਕਾਰਜਕਾਰੀ ਇੰ.ਜਲ ਸਪਲਾਈ ਹਰਜੀਤਪਾਲ ਸਿੰਘ, ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ ਸਮੇਤ ਅਧਿਕਾਰੀਆਂ ਨੇ ਜਾਇਜ਼ਾ ਉਪਰੰਤ ਦੱਸਿਆ ਕਿ ਵਾਹਨ ਪਾਰਕਿੰਗ ਤੋਂ ਸਟਲ ਬੱਸ ਸਰਵਿਸ ਚਲਾਈ ਜਾਵੇਗੀ, ਜੋ ਸ਼ਰਧਾਲੂਆਂ ਨੂੰ ਮੁਫਤ ਗੁਰਧਾਮਾਂ ਤੱਕ ਲੈ ਕੇ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆਂ ਲਈ ਮੇਲਾ ਖੇਤਰ ਵਿੱਚ ਢੁਕਵੀਆਂ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਨਜ਼ਰ ਰੱਖੀ ਜਾਵੇਗੀ। ਸੜਕਾਂ ਦੇ ਆਲੇ ਦੁਆਲੇ ਲੱਗੇ ਰੋਸ਼ਨੀ ਦੇ ਪੋਲ ਆਕਰਸ਼ਿਤ ਲਾਈਟਾਂ ਨਾਲ ਰੋਸ਼ਨਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ ਪ੍ਰਬੰਧਾਂ ਨੂੰ ਸੁਚਾਰੂ ਰੱਖਣ ਲਈ ਅਗਾਓ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।