ਸਮੋਸਾ: ਕਰ ਗਿਆ ਮਸੋਸਾ : ਸਮੋਸਿਆਂ ਦੀ ਦੇਖ-ਭਾਲ ਨਾ ਕਰਕੇ ਕੰਪਨੀ ਨੂੰ ਸਾਢੇ 6 ਲੱਖ ਰੁਪਏ ਤੋਂ ਉਪਰ ਦਾ ਜ਼ੁਰਮਾਨਾ
-ਮੈਨੇਜਰ ਨੂੰ ਗਲਤ ਜਾਣਕਾਰੀ ਦੇਣ ਲਈ 3000 ਡਾਲਰ ਦਾ ਜ਼ੁਰਮਾਨਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਜਨਵਰੀ 2025:-ਔਕਲੈਂਡ ਦੇ ਇਕ ਸਮੋਸਾ ਵਿਕਰੇਤਾ ਨੂੰ ਲੋੜੀਂਦਾ ਭੋਜਨ ਸੁਰੱਖਿਆ ਵੇਰਵਾ (ਫੂਡ ਸੇਫਟੀ ਰਿਕਾਰਡ) ਨਾ ਰੱਖਣ ਦੇ ਦੋਸ਼ ਵਿਚ ਔਕਲੈਂਡ ਜ਼ਿਲ੍ਹਾ ਅਦਾਲਤ ਨੇ 13,500 ਡਾਲਰ ( 6 ਲੱਖ 62 ਹਜ਼ਾਰ ਭਾਰਤੀ ਰੁਪਏ ਤੋਂ ਵੱਧ) ਦਾ ਜ਼ੁਰਮਾਨਾ ਲਾਇਆ ਹੈ। ਪਾਕਿਸਤਾਨ ਦੇ ਵਿਚ ਇਸ ਜ਼ੁਰਮਾਨੇ ਦੀ ਕੀਮਤ 21 ਲੱਖ ਪਾਕਿਸਤਾਨੀ ਰੁਪਏ ਤੋਂ ਉਪਰ ਬਣਦੀ ਹੈ ਅਤੇ ਇਹ ਖਬਰ ਮਿਲੀਅਨ ਡਾਲਰ ਦੇ ਜ਼ੁਰਮਾਨੇ ਦੇ ਸਿਰਲੇਖ ਹੇਠ ਛਾਪੀ ਗਈ ਹੈ। ਇਹ ਕੰਪਨੀ ਮਾਊਂਟ ਰੌਸਕਿਲ (ਔਕਲੈਂਡ) ਵਿਖੇ ਹੈ। ਨਿਊਜ਼ੀਲੈਂਡ ਫੂਡ ਸੇਫਟੀ (NZFS) ਨੇ ਕਿਹਾ ਕਿ ਕੰਪਨੀ ਨੂੰ ਫੂਡ ਕੰਟਰੋਲ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਜ਼ੁਰਮਾਨਾ ਲਗਾਇਆ ਗਿਆ ਅਤੇ ਮੈਨੇਜਰ ਭਾਵੇਸ਼ ਸੋਮਾ ਨੂੰ ਫੂਡ ਸੇਫਟੀ ਅਫਸਰ ਨੂੰ ਗਲਤ ਜਾਣਕਾਰੀ ਦੇਣ ਲਈ 3000 ਡਾਲਰ ਦਾ ਹੋਰ ਜ਼ੁਰਮਾਨਾ ਕੀਤਾ ਗਿਆ। ਭੋਜਨ ਸੁਰੱਖਿਆ ਮਾਪਦੰਡਾ ਅਨੁਸਾਰ ਸਮੋਸਿਆਂ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਸੀ।
ਇਸ ਕੰਪਨੀ ਨੇ ਮਾਰਚ 2021 ਵਿੱਚ ਪਕਾਏ ਸਮੋਸੇ ਨਿਰਧਾਰਤ ਤਾਪਮਾਨ ਉਤੇ ਨਹੀਂ ਰੱਖੇ ਹੋਏ ਸਨ। ਇਸਦੀ ਜਾਂਚ ਵਿੱਚ ਪਾਇਆ ਗਿਆ ਕਿ ਕੰਪਨੀ ਨੇ 2020 ਅਤੇ 2022 ਦੇ ਵਿਚਕਾਰ ਚਾਰ ਮੌਕਿਆਂ ’ਤੇ ਕੂਲਿੰਗ (ਠੰਡਕ) ਅਤੇ ਖਾਣਾ ਪਕਾਉਣ ਦੇ ਤਾਪਮਾਨ ਨੂੰ ਲਿਖਤੀ ਵੇਰਵੇ ਵਿਚ ਸ਼ਾਮਿਲ ਨਹੀਂ ਕੀਤਾ। ਫੂਡ ਸੇਫਟੀ ਦੇ ਡਿਪਟੀ ਡਾਇਰੈਕਟਰ-ਜਨਰਲ ਵਿਨਸੈਂਟ ਆਰਬਕਲ ਨੇ ਕਿਹਾ ਕਿ ‘‘ਇਸਦੇ ਅਧਿਕਾਰੀਆਂ ਨੇ ਕਈ ਵਾਰ ਸੋਮਾ ਐਂਡ ਸੰਨਜ਼ ਕੰਪਨੀ ਦਾ ਦੌਰਾ ਕੀਤਾ ਅਤੇ ਸਪੱਸ਼ਟ ਕੀਤਾ ਕਿ ਕੀ ਕਰਨਾ ਚਾਹੀਦਾ ਹੈ, ਪਰ ਇਹ ਜਾਣਬੁੱਝ ਕੇ ਉਸ ਅਨੁਸਾਰ ਬਦਲਾਅ ਕਰਨ ਵਿੱਚ ਅਸਫਲ ਰਹੇ। ਹਾਲਾਂਕਿ ਇਹਨਾਂ ਉਤਪਾਦਾਂ ਨੂੰ ਖਾਣ ਨਾਲ ਕਿਸੇ ਦੇ ਬੀਮਾਰ ਹੋਣ ਬਾਰੇ ਸੂਚਨਾ ਨਹੀਂ ਹੈ, ਪਰ ਫੂਡ ਸੇਫਟੀ ਅਨੁਸਾਰ ਰਿਕਾਰਡਾਂ ਦੀ ਅਣਹੋਂਦ ਦਾ ਮਤਲਬ ਹੈ ਕਿ ਕੋਈ ਭਰੋਸਾ ਨਹੀਂ ਹੈ ਕਿ ਨਿਯਮਾਂ ਦੀ ਪਾਲਣਾ ਹੋ ਰਹੀ ਹੈ ਕਿ ਨਹੀਂ, ਜਿੰਨਾ ਚਿਰ ਸਾਰਾ ਰਿਕਾਰਡ ਨਹੀਂ ਰੱਖਿਆ ਜਾਂਦਾ।’’
ਸੋ ਅੰਤ ਇਹੀ ਕਿਹਾ ਜਾ ਸਕਦਾ ਹੈ ਕਿ ਸਵਾਦ ਨਾਲ ਖਾਏ ਜਾਣ ਵਾਲੇ ਸਮੋਸੇ ਗਾਹਕਾਂ ਨੂੰ ਤਾਂ ਹਰ ਸਮੇਂ ਖੁਸ਼ ਕਰ ਜਾਂਦੇ ਹਨ ਪਰ ਕਈ ਵਾਰ ਸਮੋਸੇ ਬਨਾਉਣ ਵਾਲੇ ਮਸੋਸੇ ਜਾਂਦੇ ਹਨ। ਸਮੋਸਿਆਂ ਨੇ ਵੀ ਮਨੋਮਨ ਕਿਹਾ ਹੋਵੇਗਾ ਕਿ ਸਾਡੀ ਕੋਈ ਜ਼ਿੰਦਗੀ ਹੈ, ਸਾਡਾ ਵੀ ਖਿਆਲ ਰੱਖੋ ਜੀ।