ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਹੋਏ ਵਾਅਦਿਆਂ ਨੂੰ ਪੰਜਾਬ ਸਰਕਾਰ ਜਲਦ ਪੂਰਾ ਕਰੇ : ਮਨਿੰਦਰ ਸਿੰਘ
ਅਸ਼ੋਕ ਵਰਮਾ
ਬਠਿੰਡਾ, 19 ਫਰਵਰੀ 2025: ਸਿੱਖਿਆ ਵਿਭਾਗ ਪੰਜਾਬ ਦੀ ਦਸ਼ਾ ਦੇਖ ਕੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਹੋਈ ਸ਼ਾਨਦਾਰ ਤਰੱਕੀ ਦੇ ਕੀਤੇ ਵਾਅਦਿਆਂ ਦੀ ਫੂਕ ਨਿਕਲ ਗਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੈੱਡਮਾਸਟਰਜ਼ ਐਸੋਸੀਏਸ਼ਨ, ਪੰਜਾਬ ਦੀ ਬਠਿੰਡਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਵੱਲੋਂ ਸਮੁੱਚੀ ਜ਼ਿਲ੍ਹਾ ਕਮੇਟੀ ਨਾਲ਼ ਬਠਿੰਡਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਅੱਗੇ ਮੀਟਿੰਗ ਉਪਰੰਤ ਦੱਸਦਿਆਂ ਕਿਹਾ ਕਿ ਪੰਜਾਬ ਦੇ ਲਗਭਗ 45 ਫੀਸਦੀ ਸਕੂਲ ਪ੍ਰਿੰਸੀਪਲ ਤੋਂ ਬਿਨਾਂ ਚੱਲ ਰਹੇ ਹਨ ਅਤੇ ਇਹਨਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਦਾ ਭਵਿੱਖ ਹਨੇਰੇ ਵਿੱਚ ਡੁੱਬਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਸਕੂਲ ਦਾ ਹੈਡਮਾਸਟਰ ਜੋ ਕਿ ਹਾਈ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਉਹ ਵੀ ਨਿਯਮਾਂ ਮੁਤਾਬਿਕ ਬਣਦਾ ਸਮਾਂ ਪੂਰਾ ਕਰ ਕੇ ਆਪਣੀ ਤਰੱਕੀ ਦੀ ਉਡੀਕ ਕਰ ਰਿਹਾ ਹੈ, ਪਰ ਵਿਭਾਗ ਦੇ ਕੰਨਾਂ ਤੇ ਜੂੰ ਨਹੀਂ ਰੇਗਦੀ ਲੱਗਦੀ।
ਇਸ ਮੌਕੇ ਸਟੇਟ ਕਮੇਟੀ ਮੈਂਬਰ ਹੈੱਡਮਾਸਟਰ ਮਨਦੀਪ ਸਿੰਘ ਅਤੇ ਕੁਲਵਿੰਦਰ ਕਟਾਰੀਆ ਨੇ ਦੱਸਿਆ ਕਿ ਹੈੱਡਮਾਸਟਰ ਪ੍ਰਿੰਸੀਪਲ ਦੀ ਪੋਸਟ ਲਈ ਸਭ ਤੋਂ ਵੱਧ ਅਤੇ ਯੋਗ ਦਾਅਵੇਦਾਰ ਹਨ, ਉਨ੍ਹਾਂ ਦਾ ਬੈਕਲੌਗ ਵੀ ਬਹੁਤ ਪੈਂਡਿੰਗ ਹੈ ਅਤੇ ਨਿਯਮਾਂ ਮੁਤਾਬਿਕ 4 ਸਾਲ ਤੋਂ ਬਾਅਦ ਹੈਡਮਾਸਟਰ ਨੂੰ ਬਤੌਰ ਪ੍ਰਿੰਸੀਪਲ ਤਰੱਕੀ ਦੇਣੀ ਹੁੰਦੀ ਹੈ ਪਰ ਵਿਭਾਗ ਦੇ ਅਧਿਕਾਰੀ ਅਪਣੇ ਆਪ ਨੂੰ ਰੂਲਜ਼ ਤੋਂ ਉੱਪਰ ਸਮਝਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਵਿਭਾਗ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਵਿਭਾਗ ਵੱਲੋਂ ਹੈੱਡ ਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਮੁੱਖ ਮੰਤਰੀ ਦਾ ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾਣ। ਇਸ ਮੌਕੇ ਉਨ੍ਹਾਂ ਨਾਲ਼ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਬਠਿੰਡਾ ਦੇ ਅਹੁਦੇਦਾਰ ਮੈਂਬਰਾਂ ਵਿੱਚੋਂ ਰਾਜਵੰਤ ਕੌਰ, ਹਰਮੇਸ਼ ਕਟਾਰੀਆ, ਜਗਦੀਸ਼ ਸਿੰਘ, ਗੁਰਵਰਿੰਦਰ ਸਿੰਘ, ਗੁਰਜੀਤ ਸਿੰਘ, ਨਵਨੀਤ ਕੁਮਾਰ, ਰੇਖਾ ਰਾਣੀ, ਰਮੇਸ਼ ਕੁਮਾਰ ਹਾਜ਼ਰ ਸਨ।