ਵਿਧਾਇਕਾ ਮਾਣੂੰਕੇ ਵੱਲੋਂ ਏ.ਡੀ.ਸੀ. ਅਤੇ ਐਸ.ਡੀ.ਐਮ. ਨਾਲ ਦਰਿਆ ਦੇ ਬੰਨ ਦਾ ਦੌਰਾ
ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਅਤੇ ਬੰਨ ਨਾਲ ਲਗਵਾਈ ਮਿੱਟੀ
ਜਗਰਾਓ (ਦੀਪਕ ਜੈਨ )
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਆਪਣੀ ਟੀਮ ਅਤੇ ਵਲੰਟੀਅਰਾਂ ਨਾਲ ਹੜ ਦੀ ਮਾਰ ਝੱਲ ਰਹੇ ਸਤਲੁਜ ਦਰਿਆ ਨਾਲ ਲੱਗਦੇ ਹਲਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪਿਛਲੇ 5 ਦਿਨਾਂ ਤੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਜ ਵਿਧਾਇਕਾ ਮਾਣੂੰਕੇ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਕੁਲਪ੍ਰੀਤ ਸਿੰਘ, ਐਸ.ਡੀ.ਐਮ. ਜਗਰਾਉਂ ਕਰਨਦੀਪ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਸਤਲੁਜ ਦਰਿਆ ਨਾਲ ਲੱਗਦੇ ਕੰਨੀਆਂ ਹੁਸੈਨੀ, ਸ਼ੇਰੇਵਾਲ, ਤਿਹਾੜਾ, ਪਰਜੀਆਂ, ਹਿਆਤੇਵਾਲ, ਮਧੇਪੁਰ, ਕੰਨੀਆਂ ਖੁਰਦ, ਬਾਘੀਆਂ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਮੌਕੇ 'ਤੇ ਹੀ ਹੱਲ ਕੀਤੀਆਂ ਅਤੇ ਰੋਜ਼ਮਰ੍ਹਾ ਦੀ ਲੋੜ ਲਈ ਜਰੂਰੀ ਸਮਾਨ ਵੀ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਉਹਨਾਂ ਅਧਿਕਾਰੀਆਂ ਹਦਾਇਤਾਂ ਕੀਤੀਆਂ ਕਿ ਹੜ ਕਾਰਨ ਜਿੰਨਾਂ ਲੋਕਾਂ ਦੇ ਘਰ ਢਹਿ ਗਏ ਹਨ, ਉਹਨਾਂ ਦੀ ਰਿਪੋਰਟ ਤਿਆਰ ਕੀਤੀ ਜਾਵੇ, ਤਾਂ ਜੋ ਲੋੜਵੰਦਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ। ਵਿਧਾਇਕਾ ਮਾਣੂੰਕੇ ਵੱਲੋਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਜਿੰਨਾਂ ਕਿਸਾਨ ਭਰਾਵਾਂ ਦੀਆਂ ਫਸਲਾਂ ਹੜ ਕਾਰਨ ਬਰਬਾਦ ਹੋ ਗਈਆਂ ਹਨ, ਉਹਨਾ ਨੂੰ ਵੀ ਮੁਆਵਜ਼ਾ ਦਿਵਾਉਣ ਲਈ ਉਪਰਾਲੇ ਕੀਤੇ ਜਾਣ। ਇਸ ਮੌਕੇ ਉਹਨਾਂ ਵੱਲੋਂ ਮੌਕੇ ਤੇ ਕਰੇਨ ਮੰਗਵਾ ਕੇ ਦਰਿਆ ਦੇ ਬੰਨ ਨੂੰ ਮਜਬੂਤ ਕਰਨ ਲਈ ਮਿੱਟੀ ਲਗਵਾਈ ਗਈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਅਤੇ ਇਸ ਕਰੋਪੀ ਕਾਰਨ ਆਏ ਹੜਾਂ ਨੇ ਆਮ ਲੋਕਾਂ ਦਾ ਜਨ-ਜੀਵਨ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ ਹੈ ਅਤੇ ਘਰਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਫਸਲਾਂ ਰੁੜ ਗਈਆਂ ਹਨ। ਇਸ ਤਬਾਹੀ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ ਅਤੇ ਜਾਨਵਰਾਂ ਅਤੇ ਪਸ਼ੂਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹਨਾਂ ਦੁਖੀ ਪਰਿਵਾਰਾਂ ਨਾਲ ਸਾਡੀ ਪੂਰਨ ਹਮਦਰਦੀ ਹੈ ਅਤੇ ਦੁਖੀ ਪਰਿਵਾਰਾਂ ਦੀ ਸਹਾਇਤਾ ਲਈ ਉਹਨਾਂ ਦੇ ਨਾਲ ਖੜੇ ਹਾਂ ਅਤੇ ਉਹਨਾਂ ਦੇ ਮੁੜ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਦਿਵਾਈ ਜਾਵੇਗੀ, ਤਾਂ ਜੋ ਹੜ ਦੀ ਲਪੇਟ ਵਿੱਚ ਆਏ ਲੋਕਾਂ ਦੀ ਜਿੰਦਗੀ ਮੁੜ ਪਟੜੀ 'ਤੇ ਦੌੜ ਸਕੇ। ਵਿਧਾਇਕਾ ਮਾਣੂੰਕੇ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਇਹ ਵੇਲਾ ਨਿੱਜੀ ਸਵਾਰਥ ਪੂਰਨ ਦਾ ਨਹੀਂ ਹੈ ਸਗੋਂ ਲੋਕਾਂ ਨਾਲ ਖੜਨ ਦਾ ਹੈ। ਇਸ ਲਈ ਆਓ ਆਪਾਂ ਸਾਰੇ ਰਲਕੇ ਪਾਰਟੀਬਾਜੀ ਅਤੇ ਸਿਆਸੀ ਹਿੱਤਾਂ ਤੋਂ ਉਪਰ ਉਠਕੇ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਹੀਰਾ ਸਿੰਘ ਐਸ.ਐਚ.ਓ.ਸਿੱਧਵਾਂ ਬੇਟ, ਵਿਕਰਮਜੀਤ ਸਿੰਘ ਥਿੰਦ, ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਕੁਲਵਿੰਦਰ ਸਿੰਘ ਕਾਲਾ, ਕੌਂਸਲਰ ਜਗਜੀਤ ਸਿੰਘ ਜੱਗੀ, ਸਰਪੰਚ ਜਗਤਾਰ ਸਿੰਘ ਰਸੂਲਪੁਰ (ਜੰਡੀ), ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਸਰਪੰਚ ਸੁਖਬੀਰ ਸਿੰਘ ਪੱਤੀ ਮੁਲਤਾਨੀ, ਸਰਪੰਚ ਜਗਦੀਪ ਸਿੰਘ ਸ਼ੇਰੇਵਾਲ, ਸਰਪੰਚ ਰਾਜਦੀਪ ਸਿੰਘ ਤਿਹਾੜਾ, ਰਾਜਵੰਤ ਸਿੰਘ ਕੰਨੀਆਂ, ਜਗਸੀਰ ਸਿੰਘ ਗਾਲਿਬ ਰਣ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਰਵਿੰਦਰ ਸਿੰਘ ਗਾਲਿਬ ਖੁਰਦ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।