ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਵੱਲੋਂ ਨਿਹੱਕੀ ਜੰਗ ਖਿਲਾਫ ਕਨਵੈਨਸ਼ਨ ਅਤੇ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਬਰਨਾਲਾ, 8 ਮਈ 2025 :ਮੋਦੀ ਹਕੂਮਤ ਵੱਲੋਂ ਪਹਿਲਗਾਮ ਘਟਨਾ ਦੀ ਫ਼ਿਰਕੂ ਸਿਆਸੀ ਮਨੋਰਥਾਂ ਲਈ ਵਰਤੋਂ ਵਿਰੁੱਧ ਅਤੇ ਬਦਲੇ ਦੇ ਨਾਂ ਹੇਠ ਪਾਕਿਸਤਾਨ ਖਿਲਾਫ਼ ਵਿੱਢੀ ਨਿਹੱਕੀ ਜ਼ੰਗ ਖਿਲਾਫ਼ ਇਨਕਲਾਬੀ ਜਥੇਬੰਦੀਆਂ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਬਰਨਾਲਾ ਵਿਖੇ ਵਿਸ਼ਾਲ ਕਨਵੈਨਸ਼ਨ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਘਟਨਾ ਖਿਲਾਫ਼ ਸਭਨਾਂ ਭਾਈਚਾਰਿਆਂ ਵੱਲੋਂ ਦਿਖਾਈ ਇੱਕਮੁੱਠਤਾ ਦੇ ਬਾਵਜੂਦ ਇਸ ਦੀ ਵਰਤੋਂ ਦੇਸ਼ ਵਿੱਚ ਫ਼ਿਰਕੂ ਪਾਲਾਬੰਦੀਆਂ ਲਈ ਕੀਤੀ ਜਾ ਰਹੀ ਹੈ। ਇਸਨੂੰ ਪਹਿਲਾਂ ਹੀ ਵਿਤਕਰੇ ਦਾ ਸ਼ਿਕਾਰ ਘੱਟ ਗਿਣਤੀ ਮੁਸਲਿਮ ਅਤੇ ਕਸ਼ਮੀਰੀ ਭਾਈਚਾਰੇ ਖਿਲਾਫ਼ ਲਾਮਬੰਦੀ ਕਰਨ ਲਈ ਵਰਤਿਆ ਜਾ ਰਿਹਾ ਹੈ। ਅਜਿਹੀ ਲਾਮਬੰਦੀ ਦਾ ਮਕਸਦ ਲੋਕਾਂ ਅੰਦਰ ਵੰਡੀਆਂ ਡੂੰਘੀਆਂ ਕਰਕੇ ਉਹਨਾਂ ਦੀ ਭਾਈਚਾਰਕ ਨੂੰ ਖੋਰਨਾ ਅਤੇ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਇੱਕ ਅਸਰਦਾਰ ਤਾਕਤ ਵਿੱਚ ਪਲਟਣੋਂ ਰੋਕਣਾ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਤੱਥਾਂ ਅਤੇ ਅੰਕੜਿਆਂ ਦੇ ਹਵਾਲੇ ਨਾਲ ਮੁਲਕ ਅੰਦਰ ਚੱਲ ਰਹੀ ਸਾਮਰਾਜੀ ਲੁੱਟ ਦੀ ਚਰਚਾ ਕੀਤੀ ਜਿਸ ਨੂੰ ਇਸ ਜ਼ੰਗੀ ਜਨੂੰਨ ਬਣ ਅਤੇ ਅੰਨ੍ਹੀ ਦੇਸ਼ ਭਗਤੀ ਦੇ ਗੁਬਾਰ ਹੇਠ ਢਕਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਲੁੱਟ ਨੂੰ ਅੱਗੇ ਵਧਾਉਂਦਿਆਂ ਨਵੇਂ ਤੋਂ ਨਵੇਂ ਸਾਮਰਾਜੀ ਸਮਝੌਤੇ ਅਤੇ ਸੰਧੀਆਂ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਦੇ ਲੋਕਾਂ ਉੱਤੇ ਬੇਹੱਦ ਮਾਰੂ ਅਸਰ ਪੈਣੇ ਹਨ। ਉਹਨਾਂ ਨੇ ਇਸ ਜ਼ੰਗੀ ਜਨੂੰਨ ਨੂੰ ਰੱਦ ਕਰਨ ਅਤੇ ਸਾਮਰਾਜੀ ਲੁੱਟ ਖ਼ਿਲਾਫ਼ ਸਭਨਾਂ ਤਬਕਿਆਂ ਦੀ ਸਾਂਝ ਉਸਾਰਨ ਦਾ ਸੱਦਾ ਦਿੱਤਾ।ਲੋਕ ਮੋਰਚਾ ਪੰਜਾਬ ਦੀ ਆਗੂ ਸ਼ੀਰੀ ਨੇ ਇਸ ਘਟਨਾ ਦੇ ਪਿਛੋਕੜ ਵਿੱਚ ਕਸ਼ਮੀਰ ਮਸਲੇ ਬਾਰੇ ਚਰਚਾ ਕੀਤੀ ਅਤੇ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਵਿੱਚ ਡਟਣ, ਸਾਮਰਾਜੀ ਲੁੱਟ ਖ਼ਿਲਾਫ਼ ਸਮੂਹ ਕੌਮੀਅਤਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਸਾਂਝ ਸਾਕਾਰ ਕਰਨ ਅਤੇ ਇਸ ਸਾਂਝ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਖਿਲਾਫ਼ ਡਟਣ ਦਾ ਸੱਦਾ ਦਿੱਤਾ।
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਕੰਵਲਜੀਤ ਖੰਨਾ ਨੇ ਆਦਿਵਾਸੀ ਇਲਾਕਿਆਂ ਅੰਦਰ ਕਾਰਪੋਰੇਟਾਂ ਦੀ ਲੁੱਟ ਨੂੰ ਸੌਖਾ ਕਰਨ ਅਤੇ ਹਰ ਤਰ੍ਹਾਂ ਦੇ ਲੋਕ ਵਿਰੋਧ ਨੂੰ ਗੋਲੀਆਂ ਨਾਲ ਦਬਾਉਣ ਵਾਲੇ ਅਪਰੇਸ਼ਨ ਕਗਾਰ ਬਾਰੇ ਚਾਨਣਾ ਪਾਇਆ। ਉਹਨਾਂ ਨੇ ਭਾਰਤੀ ਹਕੂਮਤ ਵੱਲੋਂ ਜਲ, ਜੰਗਲ਼, ਜ਼ਮੀਨ ਸਮੇਤ ਸਭ ਸੋਮੇ ਅਮਰੀਕਾ ਵਰਗੇ ਸਾਮਰਾਜੀ ਦੇਸ਼ਾਂ ਅਤੇ ਵੱਡੇ ਕਾਰਪੋਰੇਟਾਂ ਦੇ ਲਈ ਖੋਲਣ ਖਿਲਾਫ਼ ਆਵਾਜ਼ ਉਠਾਉਣ ਤੋਂ ਇਲਾਵਾ ਪੰਜਾਬ ਸਰਕਾਰ ਦੀ ਸੰਘਰਸ਼ਸ਼ੀਲ ਤਬਕਿਆਂ ਪ੍ਰਤੀ ਧਾਰਨ ਕੀਤੇ ਜਾਬਰ ਵਤੀਰੇ ਖਿਲਾਫ਼ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਹਾਜ਼ਰ ਇਕੱਠ ਵੱਲੋਂ ਬਸਤਰ ਅੰਦਰ ਆਦਿਵਾਸੀਆਂ ਅਤੇ ਇਨਕਲਾਬੀਆਂ ਦੇ ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਕਤਲਾਂ , ਅਪਰੇਸ਼ਨ ਕਗਾਰ ਖਿਲਾਫ਼ , ਲੋਕਾਂ ਸਿਰ ਮੜ੍ਹੀ ਜਾ ਰਹੀ ਜੰਗ ਅਤੇ ਪੰਜਾਬ ਚ ਰੋਸ ਪ੍ਰਦਰਸ਼ਨ ਤੇ ਲਾਈ ਪਾਬੰਦੀ ਸਮੇਤ ਵੱਖ-ਵੱਖ ਮਤੇ ਪਾਸ ਕੀਤੇ ਗਏ।ਦੋਵਾਂ ਜਥੇਬੰਦੀਆਂ ਵੱਲੋਂ ਇੱਕ ਮਹੀਨਾ ਇਸ ਮੁਹਿੰਮ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ 22 ਮਈ ਨੂੰ ਗਰੀਨ ਹੰਟ ਵਿਰੋਧੀ ਪਲੇਟਫਾਰਮ ਵੱਲੋਂ ਆਦਿਵਾਸੀਆਂ ਤੇ ਢਾਹੇ ਜਾ ਰਹੇ ਜ਼ੁਲਮਾਂ ਖਿਲਾਫ਼ ਸੰਗਰੂਰ ਵਿਖੇ ਕੀਤੀ ਜਾ ਰਹੀ ਇਕੱਤਰਤਾ ਦਾ ਸਮਰਥਨ ਕੀਤਾ ਗਿਆ। ਮੰਚ ਸੰਚਾਲਨ ਸੁਖਵਿੰਦਰ ਸਿੰਘ ਬਠਿੰਡਾ ਨੇ ਕੀਤਾ।