ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ- ਡਾ.ਜਮੀਲ ਉਰ ਰਹਿਮਾਨ
* ਵਿਧਾਇਕ ਮਾਲੇਰਕੋਟਲਾ ਦੇ ਉਦਮ ਸਦਕਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ 07 ਮਾਹਿਰ ਡਾਕਟਰਾਂ ਦੀ ਕੀਤੀ ਤਾਇਨਾਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 05 ਜਨਵਰੀ :2025 - ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਦੇ ਉਦਮ ਸਦਕਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਵਲੋਂ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ 07 ਨਵੇਂ ਹੋਰ ਡਾਕਟਰਾਂ ਦੀ ਤਾਇਨਾਤੀ ਕਰਕੇ ਸਿਹਤ ਸੇਵਾਵਾਂ ਨੂੰ ਵੱਡਾ ਹੁਲਾਰਾ ਦਿੱਤਾ ਹੈ। ਵੱਖ ਵੱਖ ਮਾਹਿਰ ਡਾਕਟਰਾਂ ਦੀ ਤਾਇਨਤੀ ਹੋਣ ਨਾਲ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ।
ਵਿਧਾਇਕ ਮਾਲੇਰਕੋਟਲਾ ਨੇ ਜ਼ਿਲ੍ਹੇ ਦੀ ਅਵਾਮ ਵਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਅਤੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਡਾਕਟਰਾਂ ਦੀ ਤਾਇਨਾਤੀ ਨਾਲ ਸਿਹਤ ਸੇਵਾਵਾਂ ਵਿਚ ਤਾਂ ਵਾਧਾ ਹੋਵੇਗਾ ਹੀ ਉਥੇ ਲੋਕਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਅਤੇ ਸਮਾਂ ਰਹਿੰਦੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ । ਡਾਕਟਰਾਂ ਦੀ ਭਰਤੀ ਨਾਲ ਲੋਕਾਂ ਨੂੰ ਰੋਜਾਨਾ ਪੱਧਰ ਤੇ ਬਿਨਾਂ ਕਿਸੇ ਖਜਲ-ਖੁਆਰੀ ਦੇ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ।ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਨਿਯੁਕਤੀ ਹੋਣ ਨਾਲ ਮਰੀਜਾਂ ਨੂੰ ਓ.ਪੀ.ਡੀ. ਅਤੇ ਐਮਰਜੰਸੀ ਸੇਵਾਵਾਂ ਵਿਚ ਲਾਹਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਨਵ ਤਾਇਨਾਤ ਕੀਤੇ ਡਾਕਟਰਾਂ ਦੀ ਸੂਚੀ ਵਿੱਚ ਇੱਕ ਮੈਡੀਕਲ ਅਫ਼ਸਰ ਡਾ. ਠਾਕੁਰਵੀਰ ਸਿੰਘ , ਦੋ ਗਾਇਨੀ ਦੇ ਡਾ. ਪ੍ਰਿਅੰਕਾ ਵਾਸ਼ਿਸ਼ਟ ਤੇ ਡਾ. ਸ਼ੀਨਾ ਚੋਪੜਾ,ਮੈਡੀਸ਼ਿਨ ਦੇ ਡਾਕਟਰ ਡਾ. ਸ਼ਮਸ਼ੇਰ ਸਿੰਘ ਸੋਢੀ , ਸਰਜਰੀ ਦੇ ਮਾਹਿਰ ਡਾ. ਅਮਰਿੰਦਰ ਸਿੰਘ ਸੋਈ , ਜਨਰਲ ਮੈਡੀਸ਼ਲ ਦੇ ਡਾਕਟਰ ਡਾ. ਜੈਦੀਪ ਸਿੰਘ , ਡਾ. ਜਸਜੋਤ ਸਿੰਘ ਦਿਓਲ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਤਾਇਨਾਤ ਹੋਣਗੇ ਅਤੇ ਉਕਤ ਸਾਰੇ ਡਾਕਟਰ ਜਲਦੀ ਹੀ ਆਪਣਾ ਕਾਰਜਭਾਗ ਸੰਭਾਲਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਸੁਖਾਵੇ ਮਾਹੌਲ ਵਿਚ ਪ੍ਰਦਾਨ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ । ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਆਮ ਆਦਮੀ ਕਲੀਨਿਕ ਵੀ ਖੋਲੇ੍ ਜਾ ਰਹੇ ਹਨ ਤਾਂ ਜ਼ੋ ਲੋਕਾਂ ਨੂੰ ਇਲਾਜ ਲਈ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ ।ਜ਼ਿਕਰਯੋਗ ਹੈ ਕਿ ਭਾਵੇਂ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਡਾਕਟਰਾਂ ਦੀ ਘਾਟ ਦਾ ਮਾਮਲਾ ਹਾਈ ਕੋਰਟ ਵਿੱਚ ਹੈ ਪ੍ਰੰਤੂ ਮਾਮਲੇ ਦੇ ਹਾਈਕੋਰਟ ਜਾਣ ਤੋਂ ਪਹਿਲਾਂ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਵੱਲੋਂ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਮੰਗ ਨੂੰ ਜਾਇਜ਼ ਠਹਿਰਾਉਂਦੇ ਹੋਏ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ।