ਮੁਹੰਮਦ ਰਫ਼ੀ ਦੀ 100ਵੀਂ ਜਨਮਦਿਨ ਸ਼ਤਾਬਦੀ ਮੌਕੇ ਪੰਜਾਬ ਸਕਰੀਨ ਵੱਲੋਂ "ਮੁਹੰਮਦ ਰਫ਼ੀ ਕਲਾਕਾਰ ਸਿਹਤ ਬੀਮਾ" ਦਾ ਐਲਾਨ
ਦੀਪਕ ਗਰਗ
ਅਮ੍ਰਿਤਸਰ 25 ਦਸੰਬਰ 2024 ਸੱਭਿਆਚਾਰਕ ਗਤੀਵਿਧੀਆਂ ਅਤੇ ਕਲਾਕਾਰਾਂ ਲਈ ਸੇਵਾ ਪ੍ਰਦਾਨ ਕਰਦੇ ਆ ਰਹੇ ਪੰਜਾਬੀ ਸਕਰੀਨ ਕਲੱਬ ਵੱਲੋਂ ਜੀ.ਐੱਸ.ਕੇ.ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇਕ ਹੋਰ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ਅੰਮ੍ਰਿਤਸਰ ਦੇ ਜੰਮਪਲ ਸੰਗੀਤ ਨਾਇਕ ਮਰਹੂਮ ਗਾਇਕ ਪਦਮਸ਼੍ਰੀ ਮੁਹੰਮਦ ਰਫ਼ੀ ਸਾਹਬ ਦੀ 24 ਦਸੰਬਰ ਨੂੰ 100ਵੀਂ ਜਨਮ ਸ਼ਤਾਬਦੀ ਮੌਕੇ ਲੋੜਵੰਦ ਕਲਾਕਾਰਾਂ ਨੂੰ ਸਿਹਤ ਬੀਮਾ ਦੀ ਮੁਫ਼ਤ ਸਹੂਲਤ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ।ਇਸ ਕੰਮ ਵਿਚ ਅੰਮ੍ਰਿਤਸਰ ਦੀ ਜਾਣੀ ਮਾਣੀ ਕਾਰੋਬਾਰੀ ਸ਼ਖ਼ਸੀਅਤ ਅਤੇ ਸਮਾਜ ਸੇਵੀ ਗੁਰਦੀਪ ਸਿੰਘ ਕੰਧਾਰੀ (ਐੱਮ.ਡੀ.ਕੋਕਾ ਕੋਲਾ) ਮੁੱਖ ਸਹਿਯੋਗੀ ਵੱਜੋਂ ਸਾਥ ਦੇ ਰਹੇ ਹਨ।
ਪੰਜਾਬੀ ਸਕਰੀਨ ਮੈਗਜ਼ੀਨ ਦੇ ਸੰਪਾਦਕ ਅਤੇ ਕਲੱਬ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਇਸ ਬੀਮਾ ਯੋਜਨਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਸਾਹਿਬ ਤੋਂ ਜਨਵਰੀ 2025 ਤੋਂ ਕੀਤੀ ਜਾਵੇਗੀ। ਥਿਏਟਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਲਾਕਾਰਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਨੂੰ ਤਰਜੀਹ ਦਿੱਤੀ ਜਾਵੇਗੀ,ਜਿਸ ਲਈ ਕੇਵਲ ਧਾਲੀਵਾਲ,ਪਾਲੀ ਭੁਪਿੰਦਰ ਸਿੰਘ, ਜਗਦੀਸ਼ ਸਚਦੇਵਾ ਅਤੇ ਜਤਿੰਦਰ ਬਰਾੜ ਜਿਹੀਆਂ ਥਿਏਟਰ ਜਗਤ ਦੀਆਂ ਜਾਣੀਆਂ ਪਹਿਚਾਣੀਆਂ ਹਸਤੀਆਂ ਕੋਲੋਂ ਇਸ ਯੋਜਨਾ ਲਈ ਲੋੜਵੰਦ ਕਲਾਕਾਰਾਂ ਦੇ ਨਾਮ ਵੀ ਮੰਗਵਾਏ ਜਾਣਗੇ, ਤਾਂ ਕਿ ਇਸ ਯੋਜਨਾ ਦਾ ਫਾਇਦਾ ਸਹੀ ਕਲਾਕਾਰਾਂ ਤੱਕ ਪਹੁੰਚੇ।
ਇਸ ਸਿਹਤ ਬੀਮਾ ਯੋਜਨਾ ਲਈ ਪ੍ਰਮੁੱਖ ਬੀਮਾ ਕੰਪਨੀਆਂ ਤੱਕ ਪਹੁੰਚ ਕੀਤੀ ਜਾਵੇਗੀ ਜੋ ਸਾਨੂੰ ਸਸਤੀ ਬੀਮਾ ਪਾਲਸੀ ਵੀ ਮੁਹੱਈਆ ਕਰਵਾਉਣ ਅਤੇ ਲੋੜ ਪੈਣ ਤੇ ਕਲਾਕਾਰਾਂ ਨੂੰ ਹਸਪਤਾਲਾਂ ਵਿਚ ਬਿਨਾਂ ਪਰੇਸ਼ਾਨੀ ਤੁਰੰਤ ਮੈਡੀਕਲ ਰਾਹਤ ਦਵਾਉਣ ਦੇ ਯੋਗ ਹੋਵਣ ।
ਮੰਗਲਵਾਰ ਨੂੰ ਅੰਮ੍ਰਿਤਸਰ ਵਿਖੇ ਪੰਜਾਬੀ ਸਕਰੀਨ ਅਦਾਰੇ ਦੇ ਮੁੱਖ ਦਫਤਰ ਵਿਚ ਵਾਇਸ ਪ੍ਰਧਾਨ ਗਾਇਕ ਤਰਲੋਚਨ ਤੋਚੀ, ਸੰਦੀਪ ਭਾਟੀਆ,ਨੌਸ਼ੀਨ ਸਿੰਘ, ਰਾਜ ਕੁਮਾਰ ਵਰਮਾ, ਟੀ. ਐੱਸ. ਰਾਜਾ ਅਤੇ ਮਨਜੋਤ ਸਿੰਘ ਸਹਿਤ ਕਲੱਬ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ।
ਇਸ ਤੋਂ ਇਲਾਵਾ ਇਸ ਮੀਟਿੰਗ ਵਿਚ ਮੁਹੰਮਦ ਰਫ਼ੀ ਸਾਹਬ ਦੀ 100ਵੀਂ ਜਨਮਦਿਨ ਸ਼ਤਾਬਦੀ ਮੌਕੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪ੍ਰਸਾਸ਼ਨ ਤੋਂ ਮੰਗ ਵੀ ਕੀਤੀ ਗਈ ਕਿ ਅੰਮ੍ਰਿਤਸਰ ਦੇ ਕਿਸੇ ਚੌਕ ਦਾ ਨਾਮ ਮੁਹੰਮਦ ਰਫ਼ੀ ਸਾਹਬ ਦੇ ਨਾਮ ਤੇ ਰੱਖਿਆ ਜਾਵੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਚ ਰਫ਼ੀ ਸਾਹਬ ਦੇ ਨਾਮ ਦੀ ਚੇਅਰ ਸਥਾਪਿਤ ਕੀਤੀ ਜਾਵੇ ਅਤੇ ਉਹਨਾਂ ਦੇ ਨਾਂ ਤੇ ਅੰਮ੍ਰਿਤਸਰ ਵਿਚ ਸੰਗੀਤ ਅਕਾਦਮੀ ਵੀ ਖੋਲ੍ਹੀ ਜਾਵੇ ਤਾਂ ਕਿ ਨਵੀਂ ਸੰਗੀਤਕ ਪੀੜੀ ਰਫ਼ੀ ਸਾਹਬ ਜਿਹੇ ਮਹਾਨ ਕਲਾਕਾਰਾਂ ਤੋਂ ਜਾਣੂ ਹੁੰਦੀ ਰਹੇ।
ਉਪਰੋਕਤ ਮੰਗਾਂ ਸੰਬਧੀ ਪੰਜਾਬੀ ਸਕਰੀਨ ਕਲੱਬ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਇਕ ਮੰਗ ਪੱਤਰ ਵੀ ਦਿੱਤਾ ਗਿਆ ।