ਭਾਰਤ ਪੈਟਰੋਲੀਅਮ ਦੇ ਐਲਪੀਜੀ ਪਲਾਂਟ ਵਿੱਚ ਵਰਕਰਾਂ ਨੂੰ ਦਿੱਤੀ ਫਸਟ ਏਡ ਸਬੰਧੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ 26 ਦਸੰਬਰ 2024:ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੇ ਬਠਿੰਡਾ ਸਥਿੱਤ ਐਲਪੀਜੀ ਬੋਟਲਿੰਗ ਪਲਾਂਟ ਦੇ ਵਰਕਰਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਕਰਵਾਉਣ ਲਈ ਰੈਡ ਕਰਾਸ ਸੁਸਾਇਟੀ ਦੀ ਸਹਿਯੋਗੀ ਸੰਸਥਾ ਸੇਂਟ ਜੋਹਨ ਐਬੂਲੈਂਸ ਵੱਲੋਂ ਪਲਾਂਟ ਵਿਖੇ 4 ਰੋਜ਼ਾ ਫ਼ਸਟ ਏਡ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਰੈੱਡ ਕ੍ਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਅਤੇ ਸਹਿਯੋਗੀ ਸੰਦੀਪ ਕੁਮਾਰ ਵੱਲੋਂ ਵਰਕਰਾਂ ਨੂੰ ਮੁੱਢਲੀ ਸਹਾਇਤਾ ਦੇ ਵੱਖ ਵੱਖ ਢੰਗਾਂ ਦੀ ਮੌਖਿਕ ਅਤੇ ਪ੍ਰੈਕਟੀਕਲ ਟਰੇਨਿੰਗ ਕਰਵਾਈ ਗਈ । ਬੀਪੀਸੀਐਲ ਦੇ ਐਲਪੀਜੀ ਬੋਟਲਿੰਗ ਪਲਾਂਟ ਦੇ ਮੈਨੇਜਰ ਜਯੰਤ ਕੁਮਾਰ ਅਤੇ ਸੇਫਟੀ ਅਧਿਕਾਰੀ ਪ੍ਰਸ਼ਾਂਤ ਬੰਨੇ ਨੇ ਪਲਾਂਟ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫਸਟ ਏਡ ਦੀ ਟ੍ਰੇਨਿੰਗ ਕਿਸੇ ਵਿਅਕਤੀ ਨੂੰ ਇਸ ਯੋਗ ਬਣਾ ਦਿੰਦੀ ਹੈ।
ਉਹਨਾਂ ਕਿਹਾ ਕਿ ਸਿਖਲਾਈ ਪ੍ਰਾਪਤ ਵਿਅਕਤੀ ਐਮਰਜੰਸੀ ਹਾਲਤਾਂ ਵਿੱਚ ਪੀੜਤਾਂ ਦੀ ਮੱਦਦ ਕਰਕੇ ਜੀਵਨ ਬਚਾ ਸਕਦਾ ਹੈ। ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਵਰਕਰਾਂ ਨੂੰ ਸੀਪੀਆਰ, ਜ਼ਹਿਰੀਲੇ ਜੀਵ ਜੰਤੂਆਂ ਦੇ ਡੰਗਣ, ਬੇਹੋਸ਼ੀ, ਗਰਮੀਆਂ ਵਿੱਚ ਲੂ ਲੱਗਣ, ਵਗਦੇ ਖੂਨ ਨੂੰ ਰੋਕਣ, ਪੱਟੀਆਂ ਕਰਨ, ਟੁੱਟੇ ਅੰਗਾਂ ਨੂੰ ਸਹਾਰਾ ਦੇਣ ਅਤੇ ਜ਼ਹਿਰ ਦੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਫਸਟ ਏਡ ਦੀ ਟ੍ਰੇਨਿੰਗ ਦਿੱਤੀ। ਉਹਨਾਂ ਫੱਟੜਾਂ ਨੂੰ ਐਂਬੂਲੈਂਸ ਗੱਡੀਆਂ ਵਿੱਚ ਲੋਡ ਕਰਨ ਹਿੱਤ ਸਟਰੈਚਰ ਡਰਿੱਲ ਵੀ ਕਰਵਾਈ।ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿ਼ਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਸ੍ਰ਼ੀ ਸ਼ੌਕਤ ਅਹਿਮਦ ਪਰੇ, ਆਈਏਐੱਸ ਜੀ ਦੀ ਯੋਗ ਅਗੁਵਾਈ ਹੇਠ ਜ਼ਿਲ੍ਹੇ ਦੇ ਫੈਕਟਰੀ ਵਰਕਰਾਂ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਵੀ ਫਸਟ ਏਡ ਦੀ ਸਿਖਲਾਈ ਦਿੱਤੀ ਜਾਂਦੀ ਹੈ।