ਗੁਆਂਡੀ ਵੀਡੀਓ ਬਣਾ ਕੇ ਪਾ ਦਿੰਦੇ ਤੇ ਪੁਲਿਸ ਵਾਲੇ ਆ ਕੇ ਚੁੱਕ ਲੈਂਦੇ ਦੁਕਾਨਾਂ ਦੇ ਬਾਹਰ ਲੱਗਿਆ ਸਮਾਨ
ਟਰੈਫਿਕ ਪੁਲਿਸ ਦੀ ਟਰੈਫਿਕ ਕੰਟਰੋਲ ਦੀ ਮੁਹਿੰਮ ਚੜਨ ਲੱਗ ਪਈ ਸਿਰੇ
ਰੋਹਿਤ ਗੁਪਤਾ
ਗੁਰਦਾਸਪੁਰ, , 26 ਦਸੰਬਰ 2024 :
ਟਰੈਫਿਕ ਪੁਲਿਸ ਦੀ ਬਟਾਲਾ ਸ਼ਹਿਰ ਦੇ ਮੁੱਖ ਬਾਜ਼ਾਰ ਦੀ ਟਰੈਫਿਕ ਸਮੱਸਿਆ ਤੇ ਕਾਬੂ ਪਾਉਣ ਦੀ ਮੁਹਿਮ ਨੂੰ ਦੁਕਾਨਦਾਰ ਦਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਦੁਕਾਨਦਾਰਾਂ ਵੱਲੋਂ ਹੀ ਟਰੈਫਿਕ ਪੁਲਿਸ ਨੂੰ ਆਪਣੇ ਗੁਆਂਡੀ ਦੁਕਾਨਦਾਰਾਂ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਵੇਖ ਲਓ ਅਸੀਂ ਆਪਣੀ ਦੁਕਾਨ ਦਾ ਸਮਾਨ ਬਾਹਰ ਨਹੀਂ ਕੱਢਿਆ ਪਰ ਗੁਆਂਡੀ ਨੇ ਸੜਕ ਮੱਲ ਲਈ ਹੈ ।ਇਹਨਾਂ ਸੂਚਨਾਵਾਂ ਦੇ ਅਧਾਰ ਤੇ ਹੀ ਟਰੈਫਿਕ ਪੁਲਿਸ ਨੇ ਇੱਕ ਵਾਰੀ ਫੇਰ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਭਾਜੜਾਂ ਪਾ ਦਿੱਤੀਆਂ। ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਸਿਟੀ ਰੋਡ ਤੇ ਇੱਕ ਵਾਰੀ ਫਿਰ ਬਟਾਲਾ ਪੁਲਿਸ ਨੇ ਟਰੈਫਿਕ ਸਮੱਸਿਆ ਦਾ ਹੱਲ ਕਰਨ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਵਾਉਣ ਲਈ ਜਿਨਾਂ ਲੋਕਾਂ ਨੇ ਆਪਣੀ ਦੁਕਾਨ ਦੇ ਬਾਹਰ ਸਮਾਨ ਰੱਖਿਆ ਦਾ ਸੀ ਉਹਨਾਂ ਲੋਕਾਂ ਦਾ ਸਮਾਨ ਚੁੱਕ ਕੇ ਆਪਣੀ ਸਰਕਾਰੀ ਜਿਪਸੀ ਵਿੱਚ ਸੁੱਟ ਲਿਆ। ਚਾਹੇ ਉਹ ਸਰਦੀਆਂ ਚ ਵਰਤਨ ਵਾਲੀਆਂ ਰਜਾਈਆਂ ਕੰਬਲ ਹੋਏ, ਦੁਕਾਨ ਦੇ ਬਾਹਰ ਲੱਗੇ ਸਟੀਲ ਦੇ ਬਰਤਨ ਜਾਂ ਫਿਰ ਸਾਈਕਲ ਸਾਰਾ ਸਮਾਨ ਚੁੱਕ ਚੁੱਕ ਕੇ ਆਪਣੀ ਸਰਕਾਰੀ ਜਿਪਸੀ ਵਿੱਚ ਰੱਖ ਕੇ ਟਰੈਫਿਕ ਪੁਲਿਸ ਵਾਲੇ ਨਗਰ ਨਿਗਮ ਦਫਤਰ ਲੈ ਗਏ ।
ਟਰੈਫਿਕ ਪੁਲਿਸ ਦੇ ਇੰਚਾਰਜ ਬਟਾਲਾ ਸੁਰਿੰਦਰ ਸਿੰਘ ਨੇ ਕਿਹਾ ਕਿ ਹੁਣ ਲੋਕ ਸਾਡਾ ਸਾਥ ਦੇਣ ਲੱਗ ਪਏ ਹਨ।ਲੋਕ ਸਾਨੂੰ ਆਪਣੇ ਨਾਲ ਦੀ ਦੁਕਾਨ ਦੀ ਵੀਡੀਓ ਬਣਾ ਕੇ ਪਾ ਦਿੰਦੇ ਹਨ ਤੇ ਪੁਲਿਸ ਕਰਮਚਾਰੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਦੁਕਾਨਦਾਰ ਨੇ ਅੱਜ ਫੇਰ ਸਮਾਨ ਬਾਹਰ ਲਗਾਇਆ ਹੋਇਆ ਹੈ। ਕੇਵਲ ਤੇ ਕੇਵਲ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਇਹਨਾਂ ਲੋਕਾਂ ਦਾ ਸਮਾਨ ਚੁੱਕਿਆ ਹੈ ਤੇ ਨਗਰ ਨਿਗਮ ਦੇ ਦਫਤਰ ਲੈ ਕੇ ਜਾ ਰਹੇ ਹਾਂ ।ਉੱਥੇ ਇਹਨਾਂ ਦੀਆਂ ਰਸੀਦਾਂ ਕੱਟ ਕੇ ਇਹਨਾਂ ਨੂੰ ਚਲਾਣ ਕੀਤੇ ਜਾਣਗੇ ਅਤੇ ਟਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ।