← ਪਿਛੇ ਪਰਤੋ
ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਅੰਦੋਲਨ ਨੂੰ ਮਿਲਣ ਲੱਗੀ ਜੱਥੇਬੰਦੀਆਂ ਦੀ ਹਮਾਇਤ
ਅਸ਼ੋਕ ਵਰਮਾ
ਬਠਿੰਡਾ, 8 ਮਈ 2025: ਬੱਸ ਅੱਡਾ ਬਚਾਉਣ ਲਈ ਬਣੀ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੂੰ ਵੱਖ ਵੱਖ ਜੱਥੇਬੰਦੀਆਂ ਦਾ ਸਾਥ ਮਿਲਣ ਲੱਗਾ ਹੈ। ਸੰਘਰਸ਼ ਕਮੇਟੀ ਦੇ ਆਗੂ ਸੰਦੀਪ ਬੌਬੀ ਨੇ ਦੱਸਿਆ ਕਿ ਲੋਕ ਹਿਤੈਸੀ ਸੱਥ ਬਠਿੰਡਾ ਨੇ ਸ਼ਹਿਰ ਦੇ ਬੱਸ ਅੱਡੇ ਨੂੰ ਤਬਦੀਲ ਕਰਨ ਖਿਲਾਫ ਮਤਾ ਸੌਂਪਿਆ ਹੈ। ਇਸ ਸਬੰਧ ਵਿੱਚ ਜਾਰੀ ਪ੍ਰੈਸ ਬਿਆਨ ਅਨੁਸਾਰ ਲੋਕ ਹਿਤੈਸ਼ੀ ਸੱਥ ਇਹ ਸਮਝਦੀ ਹੈ ਕਿ ਬਠਿੰਡਾ ਸ਼ਹਿਰ ਦੇ ਬੱਸ ਸਟੈਂਡ ਨੂੰ ਬਾਹਰ ਕੱਢਣਾ ਇੱਕ ਅਜਿਹੀ ਯੋਜਨਾ ਹੈ ਜੋ ਲੋਕ ਹਿੱਤਾਂ ਤੋਂ ਸੱਖਣੀ ਹੀ ਨਹੀਂ ਬਲਕਿ ਆਮ ਆਦਮੀ ਅਤੇ ਸ਼ਹਿਰ ਨੂੰ ਮੁਸੀਬਤ ਵਿੱਚ ਪਾਉਣ ਵਾਲੀ ਹੈ। ਇਸ ਕਰਕੇ ‘ਲੋਕ ਹਿਤੈਸ਼ੀ ਸੱਥ ਬਠਿੰਡਾ’ਨੇ ਬਠਿੰਡਾ ਸ਼ਹਿਰ ਦੇ ਬੱਸ ਅੱਡੇ ਦੀ ਥਾਂ ਨੂੰ ਨਾ ਬਦਲਣ ਸੰਬੰਧੀ ਮਿਤੀ 18 ਸਤੰਬਰ 2023 (ਤਕਰੀਬਨ ਡੇਢ ਸਾਲ ਪਹਿਲਾਂ) ਨੂੰ ਹੀ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਪੱਤਰ ਪੱਤਰ ਲਿਖਿਆ ਸੀ। ਹੁਣ ਜਦੋਂ ਵੱਖ-ਵੱਖ ਲੋਕ ਪੱਖੀ ਧਿਰਾਂ ਬੱਸ ਅੱਡੇ ਦੀ ਥਾਂ ਬਦਲੀ ਵਿਰੁੱਧ ਸੰਘਰਸ਼ ਦੇ ਰਾਹ ਪਈਆਂ ਹਨ ਤਾਂ ਲੋਕ ਹਿਤੈਸ਼ੀ ਸੱਥ ਬਠਿੰਡਾ ਨੇ ਇਸ ਸ਼ੰਘਰਸ਼ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਸੰਦੀਪ ਬੌਬੀ ਨੇ ਦੱਸਿਆ ਕਿ ਸੰਘਰਸ਼ ਤਹਿਤ ਹੀ ਜਿਊਲਰਜ਼ ਐਸੋਸੀਏਸ਼ਨ ਬਠਿੰਡਾ ਨੇ ਵੀ ਸੰਘਰਸ਼ ਨੂੰ ਆਪਣੀ ਹਮਾਇਤ ਦਿੱਤੀ ਹੈ। ਜਿਊਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦ੍ਰਵਜੀਤ ਠਾਕੁਰ ਨੇ ਇਸ ਸਬੰਧ ਵਿੱਚ ਸੰਘਰਸ਼ ਕਮੇਟੀ ਨੂੰ ਜੋ ਪੱਤਰ ਵਟਸਐਪ ਰਾਹੀਂ ਭੇਜਿਆ ਹੈ ਉਸ ਵਿੱਚ ਬੱਸ ਅੱਡਾ ਤਬਦੀਲ ਹੋਣ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਅਤੇ ਆਮ ਜਨਜੀਵਨ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਜਾਣੂੰ ਕਰਵਾਇਆ ਹੈ। ਸੰਦੀਪ ਬੌਬੀ ਨੇ ਕਿਹਾ ਕਿ ਜਦੋਂ ਤੱਕ ਸੰਘਰਸ਼ ਕਮੇਟੀ ਦੀ ਮੰਗ ਪ੍ਰਵਾਨ ਨਹੀਂ ਕੀਤੀ ਜਾਂਦੀ ਸੰਘਰਸ਼ ਜਾਰੀ ਰੱਖਿਆ ਜਾਏਗਾ।
Total Responses : 994